ਲਗਾਤਾਰ 9 ਦਿਨਾਂ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਪੰਜਾਬ ਸਰਕਾਰ ਖਿਲਾਫ਼ ਮੈਦਾਨ ਵਿੱਚ ਉਤਰੇ ਪੰਜਾਬ ਰੋਡਵੇਜ਼,ਪਨਬੱਸ, ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਕੰਮ ’ਤੇ ਆਉਣ ਦਾ ਫੈਸਲਾ ਕੀਤਾ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਇਸ ਹੜਤਾਲ ਕਾਰਨ ਸਵਾਰੀਆਂ ਨੂੰ ਸਫ਼ਰ ਕਰਨ ਲਈ ਹੋਈ ਪ੍ਰੇਸ਼ਾਨੀ ਲਈ ਪੰਜਾਬ ਸਰਕਾਰ ਮੁੱਖ ਰੂਪ ਵਿੱਚ ਜਿੰਮੇਵਾਰ ਹੈ, ਜਿਸ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਫਾਲਤੂ ਲਟਕਾਈ ਰੱਖਿਆ ਹੈ।

ਜਥੇਬੰਦੀ ਦੇ ਆਗੂ ਗੁਰਪ੍ਰੀਤ ਸਿੰਘ ਝੁਨੀਰ, ਸੰਦੀਪ ਸਿੰਘ ਗਰੇਵਾਲਾ,ਕੁਲਦੀਪ ਸਿੰਘ ਮੌੜ ਅਤੇ ਗੁਰਵਿੰਦਰ ਸਿੰਘ ਪ੍ਰਚੰਡਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਦਾ ਘਿਰਾਓ ਕਰਨ ਦੌਰਾਨ ਹੋਏ ਪੰਜਾਬ ਸਰਕਾਰ ਨਾਲ ਸਮਝੌਤੇ ਤੋਂ ਬਾਅਦ ਦੱਸਿਆ ਕਿ ਹੁਣ ਮਾਲਵਾ ਖੇਤਰ ਪੇਂਡੂ ਅਤੇ ਸ਼ਹਿਰੀ ਰੂਟਾਂ ’ਤੇ ਭਲਕੇ ਸਾਰੀਆਂ ਬੱਸਾਂ ਲੋਕ ਸੇਵਾ ਲਈ ਬਕਾਇਦਾ ਆਉਣ-ਜਾਣਗੀਆਂ। ਉਨ੍ਹਾਂ ਕਿਹਾ ਕਿ ਡਰਾਈਵਰਾਂ-ਕੰਡੈਕਟਰਾਂ ਦਾ ਮੂੰਹ ਮਿੱਠਾ ਕਰਵਾਕੇ ਬੱਸਾਂ ਨੂੰ ਸਵੇਰੇ ਵੱਡੇ ਤੜਕੇ ਤੋਂ ਹੀ ਚਲਾਇਆ ਜਾਵੇਗਾ।

ਇਸ ਤੋਂ ਪਹਿਲਾਂ ਕਾਮਿਆਂ ਦੀ ਹੜਤਾਲ ਕਾਰਨ ਅਤੇ ਉਤੋਂ ਪੈ ਰਹੀ ਕੜਾਕੇਦਾਰ ਠੰਡ ਸਦਕਾ ਸਵਾਰੀਆਂ ਨੂੰ ਸਖ਼ਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਪ੍ਰੇਸ਼ਾਨੀ ਦਾ ਸ਼ਿਕਾਰ ਦੂਰ-ਦੁਰਾਡੇ ਜਾਣ ਵਾਲੇ ਸਰਕਾਰੀ ਮੁਲਾਜ਼ਮਾਂ ਸਮੇਤ ਬਿਰਧ ਮਾਈਆਂ ਹੋ ਰਹੀਆਂ ਸਨ। ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੋਈ ਸੀ ਕਿ ਜਿੰਨਾਂ ਚਿਰ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਨਾਂ ਚਿਰ ਉਹ ਬੱਸਾਂ ਨਹੀਂ ਚਲਾਉਣਗੇ।