ਫਰੀਦਕੋਟ, 9 ਮਈ 2022 – ਪੰਜਾਬ ਪੁਲਿਸ ਨੇ ਫਰੀਦਕੋਟ ਹੋਈ ਇਕ ਮੁਠਭੇੜ ਵਿੱਚ ਚਾਰ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਗੈਂਗਸਟਰ ਨਾਭਾ ਜੇਲ ਬ੍ਰੇਕ ਦੇ ਗੈਂਗਸਟਰ ਦੇ ਸਾਥੀ ਹਨ। ਮੁਲਜ਼ਮਾਂ ਕੋਲੋਂ ਇੱਕ ਕਿਲੋ ਹੈਰੋਇਨ, ਚਾਰ ਪਿਸਤੌਲ, ਗੋਲੀਆਂ ਬਰਾਮਦ ਹੋਈਆਂ ਹਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਈ ਗੰਭੀਰ ਅਪਰਾਧਾਂ ਦਾ ਖੁਲਾਸਾ ਕੀਤਾ ਹੈ। ਫੜੇ ਗਏ ਗੈਂਗਸਟਰਾਂ ਦੀ ਪਛਾਣ ਗੈਂਗਸਟਰ ਕੁਲਦੀਪ ਸਿੰਘ ਉਰਫ ਕੀਪਾ ਪੁੱਤਰ ਇਕਤਾਰ ਸਿੰਘ ਵਾਸੀ ਮਾਣੂੰਕੇ ਜ਼ਿਲਾ ਮੋਗਾ, ਸੇਵਕ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਲਹਿਰੀ (ਬਠਿੰਡਾ), ਸੁਖਚੈਨ ਸਿੰਘ ਉਰਫ ਭੁਜੀਆ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮੱਤਾ (ਮਾਨਸਾ) ਅਤੇ ਸੁਖਮੰਦਰ ਸਿੰਘ ਉਰਫ ਕਾਲਾ ਪੁੱਤਰ ਲੀਲਾ ਸਿੰਘ ਪਿੰਡ ਜੋਧਪੁਰ (ਬਠਿੰਡਾ) ਵਜੋਂ ਵਜੋਂ ਹੋਈ ਹੈ।
ਫ਼ਰੀਦਕੋਟ ਰੇਂਜ ਦੇ ਇੰਸਪੈਕਟਰ ਜਨਰਲ ਪ੍ਰਦੀਪ ਕੁਮਾਰ ਯਾਦਵ ਅਤੇ ਐਸਐਸਪੀ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਬੀਤੀ ਰਾਤ ਸੀਆਈਏ ਸਟਾਫ਼ ਦੇ ਮੁਖੀ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਦੋ ਪੁਲੀਸ ਪਾਰਟੀਆਂ ਵੱਲੋਂ ਚੌਰਾਹਾ ਸੇਮ ਨਾਲਾ ਦੇ ਪਿੰਡ ਸਿੱਖਣਵਾਲਾ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਉਦੋਂ ਪਿੰਡ ਭਾਨਾਵਾਲਾ ਕੋਲ ਇੱਕ ਕਾਰ ਆਉਂਦੀ ਦਿਖਾਈ ਦਿੱਤੀ। ਜਦੋਂ ਪਹਿਲੀ ਪੁਲਿਸ ਪਾਰਟੀ ਨੇ ਟਾਰਚ ਨਾਲ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਕਰ ਭਜਾ ਲਈ। ਇਸ ’ਤੇ ਦੂਜੀ ਪੁਲੀਸ ਪਾਰਟੀ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਪੁਲੀਸ ਮੁਲਾਜ਼ਮਾਂ ਨੇ ਕਾਰ ਨੂੰ ਰੋਕਣ ਲਈ ਆਪਣੀ ਸਰਕਾਰੀ ਗੱਡੀ ਸੜਕ ਦੇ ਵਿਚਕਾਰ ਖੜ੍ਹੀ ਕਰ ਦਿੱਤੀ।
ਭੱਜਣ ਵਾਲੇ ਕਾਰ ਚਾਲਕ ਨੇ ਸੜਕ ‘ਤੇ ਟੱਕਰ ਮਾਰੀ ਤਾਂ ਕਾਰ ਸੜਕ ਤੋਂ ਹੇਠਾਂ ਜਾ ਕੇ ਕਿੱਕਰ ਦੇ ਦਰੱਖਤ ਨਾਲ ਜਾ ਟਕਰਾਈ ਅਤੇ ਰੁਕ ਗਈ। ਇਸ ਮਗਰੋਂ ਕਾਰ ਸਵਾਰਾਂ ਨੇ ਪੁਲੀਸ ਪਾਰਟੀ ’ਤੇ ਦੋ ਰਾਉਂਡ ਫਾਇਰ ਕੀਤੇ। ਜਦੋਂ ਪੁਲਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਕਾਰ ‘ਚ ਬੈਠੇ ਚਾਰੇ ਦੋਸ਼ੀ ਭੱਜਣ ਲੱਗੇ, ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ 1 ਕਿਲੋ ਹੈਰੋਇਨ, 4 ਪਿਸਤੌਲ 32 ਬੋਰ, 7 ਰੌਂਦ 32 ਬੋਰ, 2 ਖੋਲ 32 ਬੋਰ, ਸਿਮ ਸਮੇਤ 3 ਟੱਚ ਮੋਬਾਈਲ, 1 ਡੌਗ ਜੀਓ ਅਤੇ ਗੱਡੀ ਬਰਾਮਦ ਹੋਈ। ਇਸ ਮੌਕੇ ਐਸ.ਪੀ (ਡੀ) ਬਾਲ ਕਿਸ਼ਨ ਸਿੰਗਲਾ, ਲਖਵੀਰ ਸਿੰਘ ਸੰਧੂ ਡੀ.ਐਸ.ਪੀ (ਡੀ) ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।
ਮੁੱਢਲੀ ਪੁੱਛਗਿੱਛ ‘ਚ ਚਾਰਾਂ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਗੈਂਗਸਟਰ ਅਤੇ ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਸਰਗਨਾ ਗੁਰਪ੍ਰੀਤ ਸਿੰਘ ਸੇਖੋਂ ਵਾਸੀ ਮੁੱਦੀ ਜੋ ਕਿ ਅੱਜ ਬਠਿੰਡਾ ਜੇਲ ‘ਚ ਬੰਦ ਹੈ, ਨਾਲ ਸਬੰਧ ਹਨ। ਉਸ ਦੇ ਇਸ਼ਾਰੇ ‘ਤੇ ਲੁੱਟ-ਖੋਹ ਅਤੇ ਫਿਰੌਤੀ ਮੰਗਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹੇ ਹਨ। ਉਹ ਨਸ਼ਿਆਂ ਦੀ ਖੇਪ ਦਾ ਵੀ ਕਾਰੋਬਾਰ ਕਰਦਾ ਸੀ। ਫਿਰ ਹਥਿਆਰਾਂ ਦੇ ਜ਼ੋਰ ‘ਤੇ ਨਸ਼ਾ ਖੋਹ ਕੇ ਅੱਗੇ ਵੇਚ ਦਿੰਦੇ ਸਨ। ਜ਼ਮੀਨ ਅਤੇ ਰਿਹਾਇਸ਼ੀ ਕੁਆਰਟਰਾਂ ਦੇ ਝਗੜਿਆਂ ਵਿੱਚ ਵੀ ਉਹ ਦਖ਼ਲ ਦਿੰਦੇ ਸਨ। ਇਹ ਗੈਂਗਸਟਰ ਕੁਲਦੀਪ ਸਿੰਘ ਉਰਫ ਕੀਪਾ ਦੀ ਅਗਵਾਈ ਹੇਠ ਸਰਗਰਮ ਸਨ।












