ਏ.ਡੀ.ਜੀ.ਪੀ. ਜੇਲ੍ਹ ਪੰਜਾਬ ਪ੍ਰਵੀਨ ਕੁਮਾਰ ਵੱਲੋਂ ਲੁਧਿਆਣਾ ਕੇਂਦਰੀ ਜੇਲ੍ਹ ਵਿਖੇ ਬੰਦੀਆਂ ਦੇ ਮਨੋਰੰਜਨ ਲਈ ਬਣਾਏ ਗਏ ‘ਰੇਡੀਓ ਉਜਾਲਾ ਪੰਜਾਬ’ ਨਾਮਕ ਰੇਡੀਓ ਸਟੇਸ਼ਨ, ਕੰਟੀਨ ਤੇ ਹੋਮ ਥਿਏਟਰ ਨਾਮਕ ਮਨੋਰੰਜਨ ਸਥੱਲ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਪਹਿਲਾ ਉਨ੍ਹਾਂ ਨੇ ਜੇਲ੍ਹ ਦੇ ਅੰਦਰ ਬਣਾਏ ਜਾਣ ਵਾਲੇ ਪੈਟਰੋਲ ਪੰਪ ਦਾ ਵੀ ਨੀਂਹ ਪੱਥਰ ਰੱਖਿਆ।

ਇਸ ਦੌਰਾਨ ਜੇਲ੍ਹ ਅੰਦਰ ਆਯੋਜਿਤ ਸਮਾਗਮ ਦੌਰਾਨ ਏ.ਡੀ.ਜੀ.ਪੀ. ਜੇਲ੍ਹ ਪੰਜਾਬ ਪ੍ਰਵੀਨ ਕੁਮਾਰ ਕੁਮਾਰ ਨੇ ਦੱਸਿਆ ਕਿ ਜੇਲ੍ਹ ਅੰਦਰ ਬਣਾਏ ਗਏ ‘ਰੇਡੀਓ ਉਜਾਲਾ ਪੰਜਾਬ’ ਨਾਮਕ ਰੇਡੀਓ ਸਟੇਸ਼ਨ ਬੰਦੀਆਂ ਲਈ ਬਣਾਇਆ ਗਿਆ ਹੈ। ਇਹ ਰੇਡੀਓ ਸਟੇਸ਼ਨ ਬੰਦੀਆਂ ਵੱਲੋਂ ਹੀ ਚਲਾਇਆ ਜਾਵੇਗਾ। ਇਸ ਰੇਡੀਓ ਸਟੇਸ਼ਨ ਰਾਹੀਂ ਜਿੱਥੇ ਬੰਦੀਆਂ ਲਈ ਮਨੋਰੰਜਨ ਗੀਤ ਸੁਣਾਏ ਜਾਣਗੇ ਉੱਥੇ ਮਹੱਤਵਪੂਰਨ ਜਾਣਕਾਰੀ ਵੀ ਇਸ ਰੇਡੀਓ ਸਟੇਸ਼ਨ ਰਾਹੀਂ ਬੰਦੀਆਂ ਨੂੰ ਮਿਲਦੀ ਰਹੇਗੀ।
ਉਨ੍ਹਾਂ ਕਿਹਾ ਕਿ ਇਸ ‘ਰੇਡੀਓ ਉਜਾਲਾ ਪੰਜਾਬ’ ਨੂੰ ਸਥਾਪਿਤ ਕਰਨ ਦਾ ਮੁੱਖ ਮਕਸਦ ਬੰਦੀਆਂ ਦਾ ਮਨੋਰੰਜਨ ਕਰਕੇ ਉਨ੍ਹਾਂ ਨੂੰ ਤਨਾਅ ਮੁਕਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਰੇਡੀਓ ਸਟੇਸ਼ਨ ਤੇ ਕੋਈ ਵੀ ਕੈਦੀ ਆਪਣਾ ਗਾਣਾ ਜਾਂ ਕੋਈ ਹੁਨਰ ਸੁਣਾ ਸਕਦਾ ਹੈ ਅਤੇ ਇਸ ਨੂੰ ਰਿਕਾਰਡ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਭੇਜਣ ਦੀ ਤਜਵੀਜ਼ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੇਲ੍ਹ ਅੰਦਰ ਹੀ ਮਨੋਰੰਜਨ ਸਥੱਲ (ਹੋਮ ਥਿਏਟਰ ਸਿਸਟਮ ) ਬਣਾਇਆ ਗਿਆ ਹੈ ਜਿਸ ਦੇ ਵਿੱਚ ਬੰਦੀਆਂ ਨੂੰ ਦੇਸ਼ ਭਗਤੀ, ਧਾਰਮਿਕ ਜਾਂ ਕੋਈ ਵੀ ਮਨੋਰੰਜਨ ਨਾਲ ਸਬੰਧਿਤ ਪ੍ਰੋਗਰਾਮ ਦਿਖਾਏ ਜਾਣਗੇ।











