ਚੰਡੀਗੜ੍ਹ, 25 ਜੂਨ: ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਅਧਿਕਾਰੀ ਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਤੋਂ ਚਾਰ ਦਿਨ ਬਾਅਦ ਵਿਜੀਲੈਂਸ ਬਿਊਰੋ ਨੇ ਅੱਜ ਸੈਕਟਰ 11, ਚੰਡੀਗੜ੍ਹ ਵਿਖੇ ਉਸ ਦੇ ਘਰ ‘ਚੋਂ 12 ਕਿਲੋ ਸੋਨਾ, 3 ਕਿਲੋ ਚਾਂਦੀ, ਚਾਰ ਐਪਲ ਆਈਫੋਨ, ਇੱਕ ਸੈਮਸੰਗ ਫੋਲਡ ਫੋਨ ਅਤੇ ਦੋ ਸੈਮਸੰਗ ਸਮਾਰਟਵਾਚਾਂ ਬਰਾਮਦ ਕੀਤੀਆਂ ਹਨ। 12 ਕਿਲੋਗ੍ਰਾਮ ਸੋਨੇ ਵਿੱਚ 9 ਸੋਨੇ ਦੀਆਂ ਇੱਟਾਂ (ਹਰੇਕ 1 ਕਿਲੋਗ੍ਰਾਮ), 49 ਸੋਨੇ ਦੇ ਬਿਸਕੁਟ ਅਤੇ 12 ਸੋਨੇ ਦੇ ਸਿੱਕੇ ਸ਼ਾਮਲ ਹਨ, ਜਦੋਂ ਕਿ 3 ਕਿਲੋ ਚਾਂਦੀ ਵਿੱਚ 3 ਚਾਂਦੀ ਦੀਆਂ ਇੱਟਾਂ (ਹਰੇਕ 1 ਕਿਲੋਗ੍ਰਾਮ) ਅਤੇ 18 ਚਾਂਦੀ ਦੇ ਸਿੱਕੇ (ਹਰੇਕ 10 ਗ੍ਰਾਮ) ਸ਼ਾਮਲ ਹਨ।
ਆਈਏਐਸ ਅਧਿਕਾਰੀ ਸੰਜੇ ਪੋਪਲੀ ਨੂੰ ਨਵਾਂਸ਼ਹਿਰ ਵਿਖੇ ਸੀਵਰੇਜ ਪਾਈਪ ਲਾਈਨ ਵਿਛਾਉਣ ਲਈ ਟੈਂਡਰਾਂ ਨੂੰ ਮਨਜ਼ੂਰੀ ਦੇਣ ਵਾਸਤੇ 7 ਲੱਖ ਰੁਪਏ ਦੀ ਰਿਸ਼ਵਤ ਵਜੋਂ 1 ਫੀਸਦ ਕਮਿਸ਼ਨ ਦੀ ਮੰਗ ਕਰਨ ਦੇ ਦੋਸ਼ ਵਿੱਚ 20 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੇ ਸਾਥੀ ਜਿਸਦੀ ਪਛਾਣ ਸੰਦੀਪ ਵਾਟਸ ਵਜੋਂ ਹੋਈ ਹੈ, ਨੂੰ ਵੀ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਵਿਜੀਲੈਂਸ ਬਿਓਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੰਜੇ ਪੋਪਲੀ ਦੇ ਬਿਆਨਾਂ ਦੇ ਆਧਾਰ ‘ਤੇ ਵਿਜੀਲੈਂਸ ਬਿਓਰੋ ਦੀ ਟੀਮ ਨੇ ਉਸ ਦੇ ਘਰ ‘ਤੇ ਛਾਪੇਮਾਰੀ ਕੀਤੀ ਅਤੇ ਘਰ ਦੇ ਸਟੋਰ ਰੂਮ ਵਿੱਚ ਲੁਕਾ ਕੇ ਰੱਖਿਆ ਸੋਨਾ, ਚਾਂਦੀ ਅਤੇ ਮੋਬਾਈਲ ਫੋਨ ਬਰਾਮਦ ਕੀਤੇ।