ਚੰਡੀਗੜ੍ਹ 26 ਮਈ 2022 – ਪੰਜਾਬ ਵਿਜੀਲੈਂਸ ਬਿਊਰੋ ਨੇ ਪਿੰਡ ਕੋਟਲਾ ਸੁਲੇਮਾਨ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਸਰਪੰਚ ਤਰਲੋਚਨ ਸਿੰਘ, ਅਧਿਕਾਰਤ ਪੰਚ ਰਣਜੋਧ ਸਿੰਘ, ਬੀਡੀਪੀਓ ਦਫ਼ਤਰ ਫਤਹਿਗੜ੍ਹ ਸਾਹਿਬ ਦੇ ਦੋ ਜੂਨੀਅਰ ਇੰਜਨੀਅਰ ਲਲਿਤ ਗੋਇਲ ਜੂਨੀਅਰ ਇੰਜੀਨੀਅਰ ਅਤੇ ਲੁਕੇਸ਼ ਥੰਮ੍ਹਣ ਸਮੇਤ ਪੰਚਾਇਤ ਸਕੱਤਰ ਪਵਿੱਤਰ ਸਿੰਘ ਨੂੰ ਗ੍ਰਾਮ ਪੰਚਾਇਤ ਦੇ ਫੰਡਾਂ ਵਿੱਚ 20.67 ਲੱਖ ਰੁਪਏ ਦਾ ਘਪਲਾ ਕਰਨ ਅਤੇ ਪੰਚਾਇਤ ਦੀ 2.86 ਕਰੋੜ ਰੁਪਏ ਦੇ ਹਿਸਾਬ ਵਾਲੀ ਮਾਪ ਪੁਸਤਕ ਖੁਰਦ-ਬੁਰਦ ਕਰਨ ਬਦਲੇ ਵੱਖ-ਵੱਖ ਫੌਜਦਾਰੀ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀਆਂ ਖਿਲਾਫ ਖ਼ਿਲਾਫ਼ ਵਿਜੀਲੈਂਸ ਬਿਉਰੋ ਦੇ ਥਾਣਾ ਪਟਿਆਲਾ ਵਿਖੇ ਆਈ ਪੀ ਸੀ ਦੀ ਧਾਰਾ 409, 201, 120-B ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1)ਏ ਤੇ 13(2) ਤਹਿਤ ਅੱਜ ਮਿਤੀ 25-05-2022 ਨੂੰ ਮੁਕੱਦਮਾ ਨੰਬਰ 10 ਦਰਜ ਕਰਕੇ ਮੁਲਜਮਾਂ ਦੀ ਗ੍ਰਿਫਤਾਰੀ ਲਈ ਟੀਮਾਂ ਗਠਿਤ ਕਰ ਦਿੱਤੀਆਂ ਹਨ।
ਜਾਂਚ ਮੁਤਾਬਿਕ ਰਣਜੋਧ ਸਿੰਘ ਸਾਬਕਾ ਅਧਿਕਾਰਤ ਪੰਚ, ਤਰਲੋਚਨ ਸਿੰਘ ਸਾਬਕਾ ਸਰਪੰਚ ਪਿੰਡ ਕੋਟਲਾ ਸੁਲੇਮਾਨ ਅਤੇ ਲਲਿਤ ਗੋਇਲ ਜੇ ਈ, ਲੁਕੇਸ਼ ਥੰਮ੍ਹਣ ਜੇ ਈ, ਪਵਿੱਤਰ ਸਿੰਘ ਪੰਚਾਇਤ ਸੈਕਟਰੀ ਦਫ਼ਤਰ ਬੀ ਡੀ ਪੀ ਓ ਫ਼ਤਹਿਗੜ੍ਹ ਸਾਹਿਬ ਵੱਲੋਂ ਆਪਸ ਵਿਚ ਮਿਲੀਭੁਗਤ ਕਰਕੇ ਅਤੇ ਗਰਾਮ ਪੰਚਾਇਤ ਪਿੰਡ ਕੋਟਲਾ ਸੁਲੇਮਾਨ ਨੂੰ ਰੇਲਵੇ ਵਿਭਾਗ ਪਾਸੋਂ ਪੰਚਾਇਤੀ ਜ਼ਮੀਨ ਨੂੰ ਐਕਵਾਇਰ ਕਰਨ ਅਤੇ ਹੋਰਾਂ ਵਸੀਲਿਆਂ ਤੋਂ ਮਿਲੀ ਕੁੱਲ 4,20,25000 ਰੁਪਏ ਦੀ ਰਕਮ ਵਿਚੋਂ 2,86,25000 ਰੁਪਏ ਨਾਲ ਸੰਬੰਧਤ ਮਾਪ ਪੁਸਤਕ ਨੂੰ ਖੁਰਦ ਬੁਰਦ ਕਰਕੇ ਅਤੇ ਤਕਨੀਕੀ ਟੀਮ ਦੀ ਰਿਪੋਰਟ ਮੁਤਾਬਕ 20,67,068 ਰੁਪਏ ਦਾ ਘਪਲਾ ਕੀਤਾ ਗਿਆ ਹੈ। ਇਸ ਜਾਂਚ ਦੇ ਅਧਾਰ ਤੇ ਵਿਜੀਲੈਂਸ ਵੱਲੋਂ ਉਕਤ ਮੁਲਜਮਾਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭੀ ਗਈ ਹੈ।












