ਪੁਲਿਸ ਨੇ ਦਿੱਲੀ ਤੋਂ ਆ ਕੇ ਚੰਡੀਗੜ੍ਹ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸ਼ਿਵ ਸ਼ੰਕਰ ਵਾਸੀ ਇੰਦਰਾਪੁਰੀ ਸੈਂਟਰ, ਦਿੱਲੀ ਵਜੋਂ ਹੋਈ ਹੈ। ਪੁਲਸ ਨੇ ਉਸ ਦੇ ਕਬਜ਼ੇ ‘ਚੋਂ 1.75 ਲੱਖ ਰੁਪਏ ਅਤੇ ਵਾਰਦਾਤ ‘ਚ ਸ਼ਾਮਿਲ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਿਸ ਨੇ ਉਸ ਨੂੰ 2 ਦਿਨ ਦੇ ਰਿਮਾਂਡ ‘ਤੇ ਲਿਆ ਹੈ।
30 ਅਗਸਤ ਨੂੰ ਪੰਚਕੂਲਾ ਦੇ ਸੈਕਟਰ 17 ਦੇ ਵਸਨੀਕ ਅਸ਼ੀਸ਼ ਆਹੂਜਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਸੈਕਟਰ 26 ਦੀ ਸਬਜ਼ੀ ਮੰਡੀ ਤੋਂ ਇਨੋਵਾ ਕਾਰ ਵਿੱਚ ਆਪਣੇ ਘਰ ਜਾ ਰਿਹਾ ਸੀ। ਉਸਦੇ ਨਾਲ ਉਸਦਾ ਭਰਾ ਵੀ ਬੈਠਾ ਸੀ। ਜਦੋਂ ਉਹ ਕਾਲਾਗ੍ਰਾਮ ਲਾਈਟ ਪੁਆਇੰਟ ਨੇੜੇ ਪਹੁੰਚਿਆ ਤਾਂ ਉਸ ਦੀ ਕਾਰ ਪੰਕਚਰ ਹੋ ਗਈ। ਉਸ ਗੱਡੀ ਦੀ ਟੈਂਕੀ ਵਿੱਚੋਂ ਤੇਲ ਵੀ ਲੀਕ ਹੋ ਰਿਹਾ ਸੀ। ਜਦੋਂ ਉਹ ਹੇਠਾਂ ਉਤਰਿਆ ਤਾਂ ਮੋਟਰਸਾਈਕਲ ’ਤੇ ਦੋ ਨੌਜਵਾਨ ਉਥੇ ਪਹੁੰਚ ਗਏ। ਉਨ੍ਹਾਂ ਨੇ ਉਸ ਦੇ ਭਰਾ ਕੋਲ ਰੱਖਿਆ ਬੈਗ ਖੋਹ ਲਿਆ। ਇਸ ਵਿੱਚ 1.75 ਲੱਖ ਰੁਪਏ ਨਕਦ, ਬੈਂਕ ਲਾਕਰ ਦੀਆਂ ਚਾਬੀਆਂ ਅਤੇ ਬੈਂਕ ਦੇ ਕੁਝ ਦਸਤਾਵੇਜ਼ ਸਨ।
ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਕਰਕੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਸੈਕਟਰ 27-28 ਦੀ ਡਿਵਾਈਡਰ ਰੋਡ ’ਤੇ ਪੁਲਿਸ ਦੀ ਨਾਕਾਬੰਦੀ ਦੇਖ ਕੇ ਮੁਲਜ਼ਮ ਡਿਵਾਈਡਰ ਪਾਰ ਕਰਕੇ ਗਲਤ ਸਾਈਡ ਮੋਟਰਸਾਈਕਲ ’ਤੇ ਭੱਜ ਗਏ। ਚੰਡੀਗੜ੍ਹ ਪੁਲੀਸ ਨੇ ਸੀਸੀਟੀਵੀ ਦੇ ਆਧਾਰ ’ਤੇ ਮੋਟਰਸਾਈਕਲ ਨੰਬਰ ਦੀ ਪਛਾਣ ਕੀਤੀ ਹੈ। ਦਿੱਲੀ ਨੰਬਰ ਦਾ ਮੋਟਰਸਾਈਕਲ ਹੋਣ ਕਰਕੇ ਪੁਲਿਸ ਨੇ ਦਿੱਲੀ ਪੁਲਿਸ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਦੋਸ਼ੀ ਸ਼ੰਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।












