ਮੁਹਾਲੀ : ਚੰਡੀਗੜ੍ਹ ਦੀ ਹੱਦ ’ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੌਮੀ ਇੰਨਸਾਫ਼ ਮੋਰਚੇ ਨੂੰ ਲੱਗਿਆਂ ਦੋ ਮਹੀਨੇ ਹੋ ਗਏ ਹਨ ਜਿਸ ਵਿਚ ਸੰਗਤਾਂ ਦੀ ਆਮਦ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਨੇ ਪੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ ’ਤੇ ਲਗਾਏ ਗਏ ਕੌਮੀ ਇੰਨਸਾਫ਼ ਮੋਰਚੇ ਵਿਚ ਸਿਰਫ ਪੰਜਾਬ ਤੋਂ ਹੀ ਨਹੀਂ ਸਗੋਂ ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਯੂਪੀ, ਝਾਰਖੰਡ, ਰਾਜਸਥਾਨ , ਦਿੱਲੀ ਸਮੇਤ ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਆਦਿ ਤੋਂ ਸੰਗਤਾਂ ਕਾਫਲਿਆਂ ਦੇ ਰੂਪ ਵਿਚ ਵੱਡੇ ਜੱਥੇ ਲੈ ਕੇ ਆਪ ਮੁਹਾਰੇ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਮੋਰਚੇ ਨੂੰ ਢਾਹ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਨਾਨਕ ਨਾਮ ਲੇਵਾ ਸੰਗਤ, ਨਿਹੰਗ ਜਥੇਬੰਦੀਆਂ, ਸਮਾਜ ਸੇਵੀ ਜਥੇਬੰਦੀਆਂ, ਵਕੀਲ ਭਾਈਚਾਰਾ, ਕਾਰ ਸੇਵਾ ਵਾਲੇ ਸਮੂਹ ਸੰਤ ਮਹਾਂਪੁਰਸ਼ ਅਤੇ ਇੰਨਸਾਫ਼ ਪਸੰਦ ਲੋਕਾਂ ਦੇ ਸਹਿਯੋਗ ਨਾਲ ਮੋਰਚਾ ਜਲਦੀ ਹੀ ਜਿੱਤ ਹਾਸਲ ਕਰੇਗਾ।
ਇਸ ਦੇ ਨਾਲ ਹੀ ਬਾਪੂ ਨੇ ਦੱਸਿਆ ਕਿ ਮੋਰਚੇ ’ਤੇ ਡੱਟੀਆਂ ਨਿਹੰਗ ਜੱਥੇਬੰਦੀਆਂ ਵਲੋਂ ਹੋਲਾ ਮਹਲਾ ਪੂਰੇ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿਚ ਅੱਜ ਬੁੱਢਾ ਦਲ ਵਲੋਂ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ 7ਮਾਰਚ ਨੂੰ ਦੁਸ਼ਹਿਰਾ ਮੈਦਾਨ ਫੇਜ਼-8 ਵਿਖੇ ਦੁਪਹਿਰ 2 ਵਜੇ ਤੋਂ ਦੇਰ ਸ਼ਾਮ ਤਕ ਖਾਲਸਾਈ ਖੇਡਾਂ, ਜਿਨ੍ਹਾਂ ਵਿਚ ਸ਼ਸ਼ਤਰਾਂ ਦੇ ਜੌਹਰ ਗਤਕਾ, ਘੋੜ ਦੋੜਾਂ ਅਤੇ ਹੋਰ ਖਾਲਸਾਈ ਜੌਹਰ ਵਿਖਾਏ ਜਾਣਗੇ ਅਤੇ 8 ਮਾਰਚ ਨੂੰ ਸ੍ਰੀ ਆਖੰਡ ਪਾਠ ਦੇ ਭੋਗ ਪਾਏ ਜਾਣਗੇ ਤੇ ਕੋਮੀ ਇੰਨਸਾਫ਼ ਮੋਰਚੇ ਤੋਂ ਅਰਦਾਸ ਕਰਕੇ ਮਹਲਾ ਕੱਢਿਆ ਜਾਵੇਗਾ ਜੋ ਵਾਈ ਪੀ ਐਸ ਚੌਂਕ ਤੋਂ ਹੁੰਦਾ ਹੋਇਆ ਗੁ. ਅੰਬ ਸਾਹਿਬ ਤੋਂ ਗੁ. ਸਿੰਘ ਸ਼ਹੀਦਾਂ ਸੁਹਾਣਾ ਹੋ ਕੇ ਵਾਪਸ ਫੇਜ਼-8 ਦੁਸ਼ਹਿਰਾ ਮੈਦਾਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪਹੁੰਚੇਗਾ। ਬਾਪੂ ਗੁਰਚਰਨ ਸਿੰਘ ਨੇ ਸੰਗਤਾਂ ਨੂੰ ਹੋਲੇ ਮਹਲੇ ਵਿਚ ਵੱਡੇ ਪੱਧਰ ’ਤੇ ਸ਼ਮੂੂੂਲੀਅਤ ਕਰਕੇ ਖਾਲਸਾਈ ਜਾਹੋ ਜਲਾਲ ਦਾ ਆਨੰਦ ਮਾਨਣ ਦੀ ਬੇਨਤੀ ਕੀਤੀ। ਕੌਮੀ ਇੰਨਸਾਫ਼ ਮੋਰਚੇ ’ਤੇ ਸਵੇਰੇ ਤੋਂ ਹੀ ਰਾਗੀ, ਢਾਡੀ ਸਿੰਘਾਂ, ਕਥਾਵਾਚਕਾਂ ਨੇ ਆਪਣੀ ਹਾਜ਼ਰੀ ਭਰੀ ਅਤੇ ਵੱਖ-ਵੱਖ ਬੁਲਾਰਿਆਂ ਨੇ ਸੰਗਤ ਨੂੰ ਸੰਬੋਧਨ ਕੀਤਾ। ਅੱਜ ਦੇ ਮੋਰਚੇ ਵਿਚ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕੇਮਟੀ ਦੇ ਸਾਬਕਾ ਸਕੱਤਰ ਭਾਈ ਸੁਖਦੇਵ ਸਿੰਘ ਭੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਬੈਠੀ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਾਡੇ ਵੱਡੇ ਵਡੇਰਿਆਂ ਨੇ ਬਹੁਤ ਸ਼ਹਾਦਤਾਂ ਦਿੱਤੀਆਂ ਹਨ ਪਰ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਹਮੇਸ਼ਾਂ ਵਰਤਿਆ ਹੈ। ਇਸ ਮੌਕੇ ਸ. ਭੋਰ ਨੇ ਬਾਦਲਾਂ ਨੂੰ ਵੀ ਲੰਮੇਂ ਹੱਥੀਂ ਲੈਂਦਿਆਂ ਕਿਹਾ ਕਿ ਇਸ ਕੌਮੀ ਮੋਰਚੇ ਦਾ ਸਾਥ ਦੇਣਾ ਸਾਰਿਆਂ ਦੀ ਜਿੰਮੇਂਵਾਰੀ ਹੈ। ਉਨ੍ਹਾਂ ਕਿਹਾ ਕਿ ਮੋਰਚੇ ਦੀਆਂ ਦੋ ਵੱਡੀਆਂ ਜਿੰਮੇਵਾਰੀਆਂ ਨਿਭਾਉਣੀਆਂ ਹਨ ਜਿਨ੍ਹਾਂ ਵਿਚ ਇਕ ਕੌਮ ਦੀ ਖਾਤਰ ਜ਼ੇਲ੍ਹਾਂ ’ਚ ਲੰਮੇਂ ਸਮੇਂ ਤੋਂ ਬੰਦ ਸਜ਼ਾਵਾਂ ਭੁਗਤ ਚੁੱਕੇ ਸਿੰਘਾਂ ਨੂੰ ਰਿਹਾ ਕਰਵਾਉਣਾ ਹੈ ਦੂਜਾ ਸਿੱਖਾਂ ਦਾ ਆਪਣਾ ਸਿਆਸੀ ਮੰਚ ਤਿਆਰ ਕਰਨਾ ਹੈ ਜਿਸ ਵਿਚ ਨੋਜੁਆਨੀ ਨੂੰ ਕਮਾਂਡ ਸੰਭਾਲਣੀ ਹੈ। ਉਨ੍ਹਾਂ ਨੋਜੁਆਨੀ ਨੂੰ ਵੀ ਸੰਭਲ ਕੇ ਚਲੱਣ ਲਈ ਅਪੀਲ ਕੀਤੀ।
ਯੂ ਕੇ ਤੋਂ ਉਚੇਚੇ ਤੌਰ ‘ਤੇ ਆਏ ਭਾਈ ਰਜਿੰਦਰ ਸਿੰਘ ਪੁਰੇਵਾਲ ਨੇ ਸੰਗਤਾਂ ਨੂੰ ਸਹਿਜਤਾ ਅਤੇ ਪੂਰੀ ਚੜ੍ਹਦੀਕਲਾ ਨਾਲ ਮੋਰਚਾ ਜਿੱਤਣ ਦੀ ਗੱਲ ’ਤੇ ਜ਼ੋਰ ਦਿੱਤਾ ਤੇ ਕਿਹਾ ਵੋਟਾਂ ਸਮੇਂ ਪੂਰੇ ਧਿਆਨ ਨਾਲ ਸੁਚੇਤ ਰਹਿ ਕੇ ਵੋਟ ਪਾਉਣੀ ਚਾਹੀਦੀ ਹੈ। ਨਿਹੰਗ ਜੱਥੇਬੰਦੀਆਂ ਵਲੋਂ ਬਾਬਾ ਰਾਜਾ ਰਾਜ ਸਿੰਘ, ਜਥੇਦਾਰ ਕੁੁੁਲਵਿੰਦਰ ਸਿੰਘ ਚਮਕੌਰ ਸਾਹਿਬ ਵਾਲੇ ਅਤੇ ਨਿਹੰਗ ਸਿੰਘ ਜਬਰਜੰਗ ਸਿੰਘ ਆਦਿ ਨੇ ਸੰਗਤ ਨੂੰ ਸੰਬੋਧਨ ਕੀਤਾ ਅਤੇ ਹੋਲੇ ਮਹਲੇ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ। ਢਾਡੀ ਜੱਥਿਆਂ ਵਿਚ ਭਾਈ ਜਗਬੀਰ ਸਿੰਘ ਜੱਗਾ ਜੱਥਾ ਠੀਕਰੀਵਾਲ ਫ਼ਤਿਹਗੜ੍ਹ ਸਾਹਿਬ,ਢਾਡੀ ਜੱਥਾ ਮੌੜ ਵਾਲੀਆਂ ਬੀਬੀਆਂ ਨੇ ਸਿੰਘਾਂ ਦੀ ਚੜ੍ਹਦੀਕਲਾ ਦੇ ਸੋਹਲੇ ਗਾਏ। ਅੱਜ ਦੀ ਸਟੇਜ਼ ਦੀ ਸੇਵਾ ਭਾਈ ਪਾਲ ਸਿੰਘ ਫਰਾਂਸ ਅਤੇ ਮਾਸਟਰ ਦਵਿੰਦਰ ਸਿੰਘ ਨੇ ਨਿਭਾਈ। ਅੱਜ ਪੰਡਾਲ ਵਿਚ ਬਾਪੂ ਗੁਰਚਰਨ ਸਿੰਘ, ਅਵਤਾਰ ਸਿੰਘ ਹਵਾਰਾ, ਐਡਵੋਕੇਟ ਅਮਰ ਸਿੰਘ ਚਾਹਲ, ਦਿਲਸ਼ੇਰ ਸਿੰਘ, ਗੁਰਸ਼ਰਨ ਸਿੰਘ, ਬਲਵਿੰਦਰ ਸਿੰਘ, ਰੁਪਿੰਦਰਜੀਤ ਸਿੰਘ, ਪਵਨਦੀਪ ਸਿੰਘ, ਪਾਲ ਸਿੰਘ ਫਰਾਂਸ, ਮਾਸਟਰ ਦਵਿੰਦਰ ਸਿੰਘ, ਬਲਜੀਤ ਸਿੰਘ ਭਾਊ, ਗੁਰਮੀਤ ਸਿੰਘ, ਇੰਦਰਬੀਰ ਸਿੰਘ, ਬਲਬੀਰ ਸਿੰਘ ਹਿਸਾਰ ਤੋਂ ਇਲਾਵਾ ਭਾਈ ਰਜਿੰਦਰ ਸਿੰਘ ਪੁਰੇਵਾਲ ਯੂਕੇ, ਹਰਿਆਣਾ ਕੈਥਲ ਤੋਂ ਵਰਿੰਦਰ ਸਿੰਘ, ਹੁਸ਼ਿਆਰ ਸਿੰੰਘ, ਬਲਰਾਜ ਸਿੰਘ, ਗੁਰਦੀਪ ਸਿੰਘ ਇੰਨਸਾਫ਼ ਦੀ ਅਵਾਜ਼, ਗੁਰਜੰਟ ਸਿੰਘ, ਹਰਕੀਰਤ ਸਿੰਘ ਪੁਰੇਵਾਲ, ਜਸਵਿੰਦਰ ਸਿੰਘ ਰਾਜਪੁਰਾ, ਸਨੇਹਪ੍ਰੀਤ ਸਿੰਘ,ਦਲਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਲੁਧਿਆਣਾ ਸਮੇਤ ਸਮੂਹ ਨਿਹੰਗ ਜੱਥੇਬੰਦੀਆਂ ਦੇ ਜੱਥੇਦਾਰਾਂ ਨੇ ਸ਼ਮੂਲੀਅਤ ਕੀਤੀ।










