ਫ਼ਤਹਿਗੜ੍ਹ ਸਾਹਿਬ, 14 ਮਈ- “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੰਜਾਬ ਦੇ 13 ਲੋਕ ਸਭਾ ਹਲਕਿਆ ਉਤੇ ਆਪਣੇ ਪਾਰਟੀ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਦਾਖਲ ਹੋ ਚੁੱਕੇ ਹਨ। ਸੰਗਰੂਰ ਤੋਂ ਦਾਸ (ਸਿਮਰਨਜੀਤ ਸਿੰਘ ਮਾਨ), ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ, ਇਮਾਨ ਸਿੰਘ ਮਾਨ ਅੰਮ੍ਰਿਤਸਰ, ਗੁਰਿੰਦਰ ਸਿੰਘ ਬਾਜਵਾ ਗੁਰਦਾਸਪੁਰ, ਕੁਸਲਪਾਲ ਸਿੰਘ ਮਾਨ ਆਨੰਦਪੁਰ ਸਾਹਿਬ, ਲਖਵੀਰ ਸਿੰਘ ਲੱਖਾ ਸਿਧਾਣਾ ਬਠਿੰਡਾ, ਫਰੀਦਕੋਟ ਤੋਂ ਬਲਦੇਵ ਸਿੰਘ ਗਗੜਾ, ਹੁਸਿਆਰਪੁਰ ਤੋਂ ਜਸਵੰਤ ਸਿੰਘ ਫੌਜੀ, ਪਟਿਆਲਾ ਤੋ ਪ੍ਰੋ. ਮਹਿੰਦਰਪਾਲ ਸਿੰਘ, ਜਲੰਧਰ ਤੋਂ ਸਰਬਜੀਤ ਸਿੰਘ ਖਾਲਸਾ, ਫਤਹਿਗੜ੍ਹ ਸਾਹਿਬ ਤੋਂ ਰਾਜ ਜਤਿੰਦਰ ਸਿੰਘ ਬਿੱਟੂ, ਫਿਰੋਜ਼ਪੁਰ ਤੋਂ ਗੁਰਚਰਨ ਸਿੰਘ ਭੁੱਲਰ, ਲੁਧਿਆਣਾ ਤੋਂ ਅੰਮ੍ਰਿਤਪਾਲ ਸਿੰਘ ਛੰਦੜਾ, ਯੂ.ਟੀ. ਚੰਡੀਗੜ੍ਹ ਤੋਂ ਲਖਵੀਰ ਸਿੰਘ ਕੋਟਲਾ ਉਮੀਦਵਾਰ ਹਨ ।
ਇਨ੍ਹਾਂ ਸਭਨਾਂ ਨੇ ਆਪਣੇ ਚੋਣ ਪ੍ਰਚਾਰ ਨੂੰ ਪੂਰਨ ਜਿ਼ੰਮੇਵਾਰੀ ਅਤੇ ਤਨਦੇਹੀ ਨਾਲ ਨਿਭਾਉਦੇ ਹੋਏ ਆਪਣੇ ਪੱਖ ਵਿਚ ਬਹੁਤ ਮਜ਼ਬੂਤ ਹਵਾ ਬਣਾ ਦਿੱਤੀ ਹੈ । ਹੁਣ ਪੰਜਾਬ, ਚੰਡੀਗੜ੍ਹ ਤੇ ਹਰਿਆਣੇ ਦੇ ਵੋਟਰਾਂ ਤੇ ਨਿਵਾਸੀਆਂ ਦਾ ਇਹ ਇਖਲਾਕੀ ਫਰਜ ਬਣ ਜਾਂਦਾ ਹੈ ਕਿ ਉਹ ਸਾਡੇ ਇਨ੍ਹਾਂ ਉਮੀਦਵਾਰਾਂ ਨੂੰ ਤਨਦੇਹੀ ਨਾਲ ਵੋਟਾਂ ਪਾ ਕੇ ਜਿਤਾਕੇ ਪਾਰਲੀਮੈਟ ਵਿਚ ਭੇਜਣ ਤਾਂ ਕਿ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਹੁਕਮਰਾਨਾਂ ਵੱਲੋ ਕੀਤੀਆ ਜਾ ਰਹੀਆ ਜਿਆਦਤੀਆ ਤੇ ਬੇਇਨਸਾਫ਼ੀਆਂ ਦਾ ਅੰਤ ਕੀਤਾ ਜਾ ਸਕੇ ।” ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ, ਹਰਿਆਣਾ ਅਤੇ ਯੂ.ਟੀ ਚੰਡੀਗੜ੍ਹ ਦੇ ਵੋਟਰਾਂ ਨੂੰ ਆਪਣੇ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਇਕ ਗੰਭੀਰ ਸੰਦੇਸ ਦਿੰਦੇ ਹੋਏ ਅਪੀਲ ਦੇ ਰੂਪ ਵਿਚ ਪ੍ਰਗਟ ਕੀਤੇ ।
ਉਨ੍ਹਾਂ ਕਿਹਾ ਕਿ ਸੰਗਰੂਰ, ਖਡੂਰ ਸਾਹਿਬ, ਬਠਿੰਡਾ, ਅੰਮ੍ਰਿਤਸਰ, ਆਨੰਦਪੁਰ ਸਾਹਿਬ, ਲੁਧਿਆਣਾ, ਪਟਿਆਲਾ, ਜਲੰਧਰ, ਗੁਰਦਾਸਪੁਰ, ਹੁਸਿਆਰਪੁਰ, ਫਰੀਦਕੋਟ, ਫਿਰੋਜ਼ਪੁਰ, ਫਤਹਿਗੜ੍ਹ ਸਾਹਿਬ ਦੇ ਵੋਟਰਾਂ ਤੇ ਸਮਰੱਥਕਾਂ ਨੇ ਸਾਨੂੰ ਬਹੁਤ ਵੱਡਾ ਸਹਿਯੋਗ ਕਰਕੇ ਪ੍ਰਚਾਰ ਨੂੰ ਸਿੱਖਰਾਂ ਤੇ ਪਹੁੰਚਾਇਆ ਹੋਇਆ ਹੈ ਅਤੇ ਇਸ ਪ੍ਰਚਾਰ ਨਾਲ ਇਹ ਗੱਲ ਨਿਖਰਕੇ ਸਾਹਮਣੇ ਆ ਚੁੱਕੀ ਹੈ ਕਿ ਪੰਜਾਬੀਆਂ ਨੇ ਕਾਂਗਰਸ, ਬੀਜੇਪੀ, ਬਾਦਲ ਦਲ, ਆਮ ਆਦਮੀ ਪਾਰਟੀ, ਸੀ.ਪੀ.ਆਈ, ਸੀ.ਪੀ.ਐਮ ਆਦਿ ਸਭ ਪਾਰਟੀਆ ਨੂੰ ਬੀਤੇ ਸਮੇ ਵਿਚ ਰਾਜ ਭਾਗ ਦੇ ਕੇ ਅੱਛੀ ਤਰ੍ਹਾਂ ਪਰਖ ਲਿਆ ਹੈ । ਇਸ ਲਈ ਹੁਣ ਪੰਜਾਬ ਦਾ ਵੋਟਰ ਇਹ ਡੂੰਘੀ ਇੱਛਾ ਰੱਖਦਾ ਹੈ ਕਿ ਬੀਤੇ 40 ਸਾਲਾਂ ਤੋ ਆਪਣੇ ਇਕ ਵਿਸੇਸ ਸਟੈਂਡ ਅਤੇ ਸੋਚ ਉਤੇ ਪਹਿਰਾ ਦਿੰਦੀ ਆ ਰਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰਾਂ ਨੂੰ ਪਾਰਲੀਮੈਟ ਵਿਚ ਭੇਜਕੇ ਪੰਜਾਬ ਸੂਬੇ ਦੀ ਨੁਹਾਰ ਨੂੰ ਬਦਲਿਆ ਜਾ ਸਕੇ ਅਤੇ ਆਉਣ ਵਾਲੀਆ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਹਕੂਮਤ ਨੂੰ ਕਾਇਮ ਕਰਨ ਲਈ ਯੋਗਦਾਨ ਪਾਇਆ ਜਾਵੇ ।
ਉਨ੍ਹਾਂ ਕਿਹਾ ਕਿ ਅਸੀ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਵੋਟਰ ਇਸ ਵਾਰੀ 13 ਦੀਆਂ 13 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਫਤਹਿ ਬਖਸਕੇ ਇਥੇ ਸਥਾਈ ਤੌਰ ਤੇ ਸਰਬਸਾਂਝਾ ਬਰਾਬਰਤਾ ਦੀ ਸੋਚ ਵਾਲਾ ਹਲੀਮੀ ਰਾਜ ਕਾਇਮ ਕਰਨ ਲਈ ਰਾਹ ਪੱਧਰਾਂ ਕਰਨਗੇ ।