ਫ਼ਰੀਦਕੋਟ 17 ਸਤੰਬਰ,2024: ਫ਼ਰੀਦਕੋਟ ਵਾਸੀਆਂ ਤੇ ਸ਼ੂਟਿੰਗ ਦੇ ਪ੍ਰੇਮੀਆਂ ਲਈ ਇਹ ਖੁਸ਼ੀ ਦੀ ਖਬਰ ਹੈ ਕਿ ਪੰਜਾਬ ਸਰਕਾਰ ਵੱਲੋਂ ਇੱਥੋਂ ਦੇ ਨਹਿਰੂ ਸਟੇਡੀਅਮ ਵਿਖੇ ਕਰੀਬ 12 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਸ਼ੂਟਿੰਗ ਰੇਂਜ ਨੂੰ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਵੱਲੋਂ 18 ਸਤੰਬਰ ਨੂੰ ਲੋਕ ਅਰਪਣ ਕੀਤਾ ਜਾਵੇਗਾ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਪਲਾਨਿੰਗ ਬੋਰਡ ਸੁਖਜੀਤ ਸਿੰਘ ਢਿੱਲਵਾ ਨੇ ਦੱਸਿਆ ਕਿ ਨਹਿਰੂ ਸਟੇਡੀਅਮ ਵਿਖੇ ਸ਼ੂਟਿੰਗ ਰੇਂਜ ਦੀ ਬਿਲਡਿੰਗ ਤੇ ਕਰੀਬ 12 ਲੱਖ ਰੁਪਏ ਖਰਚ ਆਇਆ ਹੈ। ਜਿਸ ਲਈ ਜ਼ਿਲ੍ਹਾ ਪਲਾਨਿੰਗ ਬੋਰਡ ਅਤੇ ਐਮ.ਪੀ. ਲੈਂਡ ਵਿੱਚੋਂ ਫੰਡ ਅਲਾਟ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਹੁਣ ਇਸ ਸ਼ੂਟਿੰਗ ਰੇਂਜ ਵਿੱਚ ਏਅਰ ਪਿਸਟਲ 10 ਮੀਟਰ, ਏਅਰ ਰਾਈਫਲ 10 ਮੀਟਰ ਆਦਿ ਦੇ ਮੁਕਾਬਲੇ ਹੋਣਗੇ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਜਲਦ ਹੀ ਇਸ ਨੂੰ ਅਪਗਰੇਡ ਕੀਤਾ ਜਾਵੇਗਾ। ਜਿਸ ਤਹਿਤ ਇਸ ਸ਼ੂਟਿੰਗ ਰੇਂਜ ਨੂੰ ਡਿਜੀਟਲ ਸ਼ੂਟਿੰਗ ਰੇਂਜ ਵਿੱਚ ਤਬਦੀਲ ਕੀਤਾ ਜਾਵੇਗਾ ।
ਢਿੱਲਵਾਂ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਕਦਮ ਪੁੱਟੇ ਗਏ ਹਨ । ਜਿਸ ਤਹਿਤ ਖੇਡਾਂ ਵਤਨ ਪੰਜਾਬ ਦੀਆਂ ਸੀਜਨ-3 ਸਫਲਤਾ ਪੂਰਵਕ ਚੱਲ ਰਹੇ ਹਨ । ਉਨ੍ਹਾਂ ਕਿਹਾ ਕਿ ਫਰੀਦਕੋਟ ਵਿਖੇ ਸ਼ੂਟਿੰਗ ਰੇਂਜ ਬਣਨ ਨਾਲ ਪੂਰੇ ਜਿਲਾ ਵਾਸੀਆਂ ਅਤੇ ਉੱਭਰ ਰਹੇ ਸ਼ੂਟਿੰਗ ਖਿਡਾਰੀਆਂ ਨੂੰ ਵੱਡੀ ਸਹੂਲਤ ਮਿਲੇਗੀ । ਉਨ੍ਹਾਂ ਦੱਸਿਆ ਕਿ ਇਸ ਸ਼ੂਟਿੰਗ ਰੇਂਜ ਦਾ ਉਦਘਾਟਨ 18 ਸਤੰਬਰ ਨੂੰ ਸ਼ਾਮ ਕਰੀਬ 5 ਵਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕਰਨਗੇ ਤੇ ਇਸ ਨੂੰ ਲੋਕ ਅਰਪਣ ਕਰਨਗੇ।