ਵਿਸਾਖੀ ਮੌਕੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਗਏ ਇੱਕ ਸਿੱਖ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਿਸ ਦੀ ਦੇਹ ਅੱਜ ਦੇਰ ਸ਼ਾਮ ਤੱਕ ਭਾਰਤ ਵਾਪਸ ਭੇਜ ਦਿੱਤੀ ਜਾਵੇਗੀ। ਮ੍ਰਿਤਕ ਦੀ ਪਛਾਣ ਜੰਗੀਰ ਸਿੰਘ ਵਾਸੀ ਪਿੰਡ ਰਤਨ ਖੇੜਾ ਪਟਿਆਲਾ ਵਜੋਂ ਹੋਈ ਹੈ। ਉਨ੍ਹਾਂ ਦੀ ਉਮਰ ਲਗਭਗ 67 ਸਾਲ ਸੀ। ਬਜ਼ੁਰਗ ਦੀ ਮੌਤ ਕਾਰਨ 2480 ਸ਼ਰਧਾਲੂਆਂ ਦਾ ਜਥਾ ਵੀ ਅੱਜ ਭਾਰਤ ਪਰਤ ਆਇਆ ਹੈ।
ਦੱਸ ਦਈਏ ਕਿ ਮਰਨ ਵਾਲਾ ਜੰਗੀਰ ਸਿੰਘ ਅਰਬਨ ਅਸਟੇਟ, ਪਟਿਆਲਾ ਵਿੱਚ ਰਹਿੰਦਾ ਸੀ ਅਤੇ ਪੰਜਾਬ ਪੁਲਿਸ ਤੋਂ ਸੇਵਾਮੁਕਤ ਹੋਇਆ ਸੀ। ਜ਼ਿਕਰਯੋਗ ਹੈ ਕਿ ਭਾਰਤ ਤੋਂ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਪਾਕਿਸਤਾਨ ਗਿਆ ਸੀ। ਦਸ ਦਿਨਾਂ ਦੇ ਵੀਜ਼ੇ ‘ਤੇ ਪਾਕਿਸਤਾਨ ਗਏ ਇਨ੍ਹਾਂ ਸ਼ਰਧਾਲੂਆਂ ਨੇ ਪਾਕਿਸਤਾਨ ਦੇ ਪੁਰਾਤਨ ਅਤੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕੀਤੇ | ਸਾਰੇ ਸ਼ਰਧਾਲੂ ਅੱਜ ਵਾਪਸ ਪਰਤ ਰਹੇ ਸਨ ਅਤੇ ਲਾਹੌਰ ਨੇੜੇ ਠਹਿਰੇ ਹੋਏ ਸਨ। ਇਸੇ ਦੌਰਾਨ ਰਾਤ ਨੂੰ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਬੁਲਾਰੇ ਆਮਿਰ ਹਾਸ਼ਮੀ ਨੇ ਦੱਸਿਆ ਕਿ ਜੰਗੀਰ ਸਿੰਘ ਦੀ ਸੋਮਵਾਰ ਸਵੇਰੇ 4 ਵਜੇ ਲਾਹੌਰ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਇੱਕ ਕੁਦਰਤੀ ਮੌਤ ਸੀ ਅਤੇ ਸਾਡੇ ਵਿਚਾਰ ਪਰਿਵਾਰ ਅਤੇ ਸਨੇਹੀਆਂ ਦੇ ਨਾਲ ਹਨ। ਫਿਲਹਾਲ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ ਅਤੇ ਹੋਰ ਜ਼ਰੂਰੀ ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਦੇਰ ਸ਼ਾਮ ਤੱਕ ਲਾਸ਼ ਭਾਰਤ ਭੇਜ ਦਿੱਤੀ ਜਾਵੇਗੀ।












