ਖ਼ਬਰ ਤਰਨਤਾਰਨ ਤੋਂ ਹੈ ਜਿੱਥੇ ਇਕ ਬਜ਼ੁਰਗ ਮਹਿਲਾ ਨਾਲ ਕੁੱਟ ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜੀ ਹਾਂ ਗਲੀ ਵਿਚ ਸਿਗਰਟ-ਬੀੜੀ ਪੀਣ ਤੋਂ ਰੋਕਣ ’ਤੇ ਬਜ਼ੁਰਗ ਮਹਿਲਾ ਨਾਲ ਕੁੱਟ ਮਾਰ ਕੀਤੀ ਗਈ ਹੈ। ਜਿਸ ਦੌਰਾਨ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਰਵਿੰਦਰ ਕੌਰ ਪਤਨੀ ਲੇਟ ਗੁਰਚਰਨ ਸਿੰਘ ਵਾਸੀ ਗਲੀ ਕੈਪਟਨ ਗੁਰਚਰਨ ਸਿੰਘ ਵਾਲੀ ਤਰਨਤਾਰਨ ਨੇ ਦੱਸਿਆ ਕਿ ਬੀਤੀ 20 ਅਕਤੂਬਰ ਦੀ ਸ਼ਾਮ ਉਹ ਆਪਣੇ ਘਰ ਦੇ ਬਾਹਰ ਗਲੀ ਵਿਚ ਜਾ ਰਹੀ ਸੀ।
ਇਕ ਵਿਅਕਤੀ ਗਲੀ ਵਿਚ ਸਿਗਰਟ ਦਾ ਸੇਵਨ ਕਰ ਰਿਹਾ ਸੀ।ਵਿਅਕਤੀ ਨੂੰ ਉਸ ਨੇ ਗਲੀ ਵਿਚ ਸਿਗਰਟ ਪੀਣ ਤੋਂ ਰੋਕਿਆ ਤਾਂ ਉਸ ਨੇ ਉਸ ਦੀ ਕੁੱਟ ਮਾਰ ਕਰਦੇ ਹੋਏ ਸੱਟਾਂ ਲਗਾ ਦਿੱਤੀਆਂ। ਉਸ ਵਲੋਂ ਰੌਲਾ ਪਾਉਣ ’ਤੇ ਉਕਤ ਮੁਲਜ਼ਮ ਫਰਾਰ ਹੋ ਗਿਆ। ਇਸ ਸਬੰਧੀ ਏ.ਐੱਸ.ਆਈ. ਜੈਮਲ ਸਿੰਘ ਨੇ ਦੱਸਿਆ ਕਿ ਮੁੱਦਈਆ ਦੇ ਬਿਆਨ ’ਤੇ ਰਾਜਬੀਰ ਸਿੰਘ ਉਰਫ ਰਾਜੂ ਪੁੱਤਰ ਦਾਰਾ ਸਿੰਘ ਵਾਸੀ ਮੁਹੱਲਾ ਟਾਂਕ ਕਸ਼ੱਤਰੀ ਤਰਨਤਾਰਨ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।