ਫ਼ਰੀਦਕੋਟ 18 ਅਗਸਤ, 2024 – ਪੰਜਾਬ ਸਰਕਾਰ ਮਿਤੀ 19 ਤੋਂ 23 ਅਗਸਤ ਤੱਕ ਰਾਜ ਪੱਧਰੀ ਵਿਸ਼ੇਸ਼ ਸਫਾਈ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਸ ਦੌਰਾਨ ਨਗਰ ਕੌਂਸਲ ਫਰੀਦਕੋਟ ਦੀ ਹਦੂਦ ਅੰਦਰ ਕੂੜਾ ਪ੍ਰਭਾਵਿਤ ਸਥਾਨ (ਗਾਰਬੇਜ ਵਨਰਏਬਲ ਪੁਆਇੰਟ) ਨੂੰ ਪੱਕੇ ਤੌਰ ਤੇ ਖਤਮ ਕਰਨ ਲਈ ਨਗਰ ਕੌਂਸਲ ਵੱਲੋਂ ਮਿਤੀ 19 ਤੋਂ 23 ਅਗਸਤ 2024 ਤੱਕ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾਵੇਗੀ। ਇਹ ਜਾਣਕਾਰੀ ਕਾਰਜ ਸਾਧਕ ਅਫਸਰ ਮਨਿੰਦਰਪਾਲ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਵੱਖ-ਵੱਖ ਸਥਾਨਾਂ ਤੇ ਵਿਸ਼ੇਸ਼ ਤੌਰ ਤੇ ਸਫਾਈ ਕੀਤੀ ਜਾਵੇਗੀ। ਪਲਾਸਟਿਕ ਲਿਫਾਫਿਆਂ ਦੀ ਪਿਕਿੰਗ ਡਰਾਈਵ ਚਲਾਈ ਜਾਵੇਗੀ। ਇਸ ਸਮੇਂ ਜੋ ਲਿਫਾਫੇ, ਪਲਾਸਟਿਕ ਆਦਿ ਨਾ ਗਲਣ ਯੋਗ ਵਸਤੂਆਂ ਹੋਣਗੀਆਂ, ਉਹਨਾਂ ਨੂੰ ਇਕੱਠੇ ਕਰਕੇ ਮਟੀਰੀਅਲ ਰਿਕਵਰੀ ਫੈਸੀਲਿਟੀ ਸੈਂਟਰ ਵਿਖੇ ਲਿਆ ਕੇ ਉਨਾਂ ਦੀਆਂ ਬੇਲਸ ਬਣਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਡਰਾਈਵ ਦੌਰਾਨ ਨਗਰ ਕੌਂਸਲ ਵੱਲੋਂ ਜੈਵਿਕ ਖਾਦ ਵੇਚਣ ਲਈ ਸਟਾਲ ਵੀ ਲਗਾਈ ਜਾਵੇਗੀ। ਉਹਨਾਂ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਉਹ ਵੱਧ-ਚੜ ਕੇ ਹਿੱਸਾ ਲੈਣ ਤਾਂ ਜੋ ਸਾਫ-ਸਫਾਈ ਨਾਲ ਸ਼ਹਿਰ ਦੀ ਦਿੱਖ ਸੁੰਦਰ ਬਣ ਸਕੇ।
ਉਹਨਾਂ ਕਿਹਾ ਕਿ ਇਸ ਡਰਾਈਵ ਤਹਿਤ ਨਗਰ ਕੌਂਸਲ ਵੱਲੋਂ ਵੱਖ-ਵੱਖ ਕਿਸਮ ਦੇ ਬੂਟੇ ਵੀ ਲਗਾਏ ਜਾਣੇ ਹਨ। ਉਨ੍ਹਾਂ ਕਿਹਾ ਕਿ ਚਾਹਵਾਨ ਵਿਅਕਤੀ ਨਗਰ ਕੌਂਸਲ ਫਰੀਦਕੋਟ ਪਾਸੋਂ ਬੂਟੇ ਲੈ ਕੇ ਲਗਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਬੂਟੇ ਲਗਾਉਣ ਉਪਰੰਤ ਇਨਾਂ ਬੂਟਿਆਂ ਨੂੰ ਗੋਦ ਲੈ ਕੇ ਇਹਨਾਂ ਨੂੰ ਪਾਲਣ ਲਈ ਆਪਣੀ ਜਿੰਮੇਵਾਰੀ ਨਿਭਾਉਣ ਤਾਂ ਜੋ ਵਾਤਾਵਰਨ ਸਵੱਛ ਬਣ ਸਕੇ।