ਸੁਲਤਾਨਪੁਰ ਲੋਧੀ ਇਲਾਕੇ ਅੰਦਰ ਸਰਗਰਮ ਹੋਏ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਕੇ ਆਤੰਕ ਮਚਾ ਰਹੇ ਨੇ। ਜਿਸ ਦੇ ਚਲਦਿਆਂ ਲੋਕਾ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲਾ ਸਥਾਨਕ ਮਾਡਲ ਟਾਊਨ ਨੇੜੇ ਸਥਿਤ ਇੱਕ ਨਿੱਜੀ ਹਸਪਤਾਲ ਤੋਂ ਆਪਣੇ ਮੰਗੇਤਰ ਨਾਲ ਦਵਾਈ ਲੈਣ ਆਈ ਵਿਦੇਸ਼ੀ ਔਰਤ ਦਾ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਪਰਸ ਲੁੱਟ ਕੇ ਫ਼ਰਾਰ ਹੋ ਜਾਣ ਦਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ੀ ਦੇ ਬੈਗ ’ਚ ਕੁਝ ਪੈਸਿਆਂ ਤੋਂ ਇਲਾਵਾ ਹੋਰ ਜ਼ਰੂਰੀ ਵਿਦੇਸ਼ੀ ਕਾਗਜ਼ਾਤ ਸਨ। ਪੀੜਤ ਔਰਤ ਦੇ ਮੰਗੇਤਰ ਨੇ ਘਟਨਾ ਦੀ ਜਾਣਕਾਰੀ ਥਾਣਾ ਸੁਲਤਾਨਪੁਰ ਲੋਧੀ ਦੀ ਪੁਲੀਸ ਨੂੰ ਦੇ ਦਿੱਤੀ ਹੈ।
ਦੂਜੇ ਪਾਸੇ ਲੁੱਟ ਦੀ ਇਹ ਸਾਰੀ ਵਾਰਦਾਤ ਹਸਪਤਾਲ ਦੇ ਬਾਹਰ ਲੱਗੇ ਸੀਸੀਟੀਵੀ ਅੰਦਰ ਕੈਦ ਹੋ ਗਈ ਹੈ। ਜਿਸ ਵਿਚ ਸਾਫ ਦਿਖਾਈ ਦਿੰਦਾ ਹੈ, ਕਿ ਕਿਸ ਤਰਾਂ ਜਦੋਂ ਵਿਦੇਸ਼ੀ ਔਰਤ ਇੱਕ ਬੱਚੇ ਨੂੰ ਬਾਹਰ ਖਿਡਾਅ ਰਹੀ ਹੁੰਦੀ ਹੈ ਅਤੇ ਇਸ ਦੌਰਾਨ ਲੁਟੇਰੇ ਉਸ ਦਾ ਬੈਗ ਲੁੱਟ ਕੇ ਮੋਟਰ ਸਾਇਕਲ ਤੇ ਫ਼ਰਾਰ ਹੋ ਜਾਂਦੇ ਨੇ। ਘਟਨਾ ਤੋਂ ਬਾਅਦ ਵਿਦੇਸ਼ੀ ਔਰਤ ਅੰਦਰ ਬਹੁਤ ਹੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਉਸਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਬਹੁਤ ਹੀ ਮਾੜਾ ਤਜਰਬਾ ਲੈ ਕੇ ਪੰਜਾਬ ਤੋਂ ਘਰ ਵਾਪਸ ਪਰਤੇਗੀ।











