ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਬੀਤੀ ਰਾਤ ਇੱਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ ਹੋਟਲ ਮਾਲਕ ਦੀ ਮੌਤ ਹੋ ਗਈ। ਜੋ ਕਿਸੇ ਦੋਸਤ ਦੀ ਪਾਰਟੀ ਤੋਂ ਆਪਣੇ ਹੋਟਲ ਵਾਪਸ ਆ ਰਿਹਾ ਸੀ। ਅਚਾਨਕ ਉਸ ਦੀ ਪੋਲੋ ਕਾਰ ਅੰਸਲ ਪਲਾਜ਼ਾ ਦੇ ਸਾਹਮਣੇ ਕੱਟ ਨੂੰ ਪਾਰ ਕਰ ਰਹੇ ਟਰੱਕ ਨਾਲ ਟਕਰਾ ਗਈ।
ਦੱਸ ਦਈਏ ਗੱਡੀ ਦੀ ਤੇਜ਼ ਰਫ਼ਤਾਰ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ। ਸਟੇਅਰਿੰਗ ਨਾ ਸੰਭਾਲਣ ਕਾਰਨ ਕਾਰ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਹਾਦਸੇ ‘ਚ ਕਾਰ ਚਲਾ ਰਹੇ ਹੋਟਲ ਮਾਲਕ ਦੇ ਜਿਗਰ ‘ਤੇ ਗੰਭੀਰ ਸੱਟ ਲੱਗ ਗਈ। ਜਿਗਰ ਫਟਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਹੋਟਲ ਮਾਲਕ ਦਾ ਨਾਂ ਰਾਜਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਰਾਜਨਪ੍ਰੀਤ ਦੀ ਮਾਸੀ ਦੇ ਲੜਕੇ ਗੁਰਪ੍ਰੀਤ ਨੇ ਦੱਸਿਆ ਕਿ ਸਾਊਥ ਸਿਟੀ ਵਿੱਚ ਇੱਕ ਦੋਸਤ ਦੀ ਦੇਰ ਰਾਤ ਪਾਰਟੀ ਸੀ। ਪਾਰਟੀ ਖਤਮ ਕਰਕੇ ਰਾਜਨਪ੍ਰੀਤ ਡੀਐਮਸੀ ਸਥਿਤ ਆਪਣੇ ਹੋਟਲ ਵਾਪਸ ਪਰਤ ਰਿਹਾ ਸੀ। ਮਲਹਾਰ ਚੌਕ ਨੇੜੇ ਅੰਸਲ ਪਲਾਜ਼ਾ ਵਿਖੇ ਅਚਾਨਕ ਉਸ ਦੀ ਟਰੱਕ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਖਤਰਨਾਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਰਾਜਨਪ੍ਰੀਤ ਦਾ ਜਿਗਰ ਫਟ ਗਿਆ ਅਤੇ ਪੰਜ ਪਸਲੀਆਂ ਟੁੱਟ ਗਈਆਂ।
ਜ਼ਿਕਰਯੋਗ ਹੈ ਕਿ ਰਾਜਨਪ੍ਰੀਤ ਦਾ ਕਰੀਬ 4 ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੀਆਂ ਦੋ ਧੀਆਂ ਹਨ। ਇਕ ਬੇਟੀ 3 ਸਾਲ ਦੀ ਹੈ ਅਤੇ ਦੂਜੀ ਬੇਟੀ ਸਿਰਫ 8 ਮਹੀਨੇ ਦੀ ਹੈ। ਰਾਜਨਪ੍ਰੀਤ ਕਰੀਬ 4 ਸਾਲ ਪਹਿਲਾਂ ਲੁਧਿਆਣਾ ਤੋਂ ਜਲੰਧਰ ਸ਼ਿਫਟ ਹੋ ਗਿਆ ਸੀ। ਫਿਲਹਾਲ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਅੱਜ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾ ਦਿੱਤਾ ਹੈ। ਲਾਸ਼ ਨੂੰ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।











