ਗੁਰਦਾਸਪੁਰ : ਗੁਰਦਾਸਪੁਰ ਵਿੱਚ ਭਿਆਨਕ ਸੜਕ ਹਾਦਸਾ ਹੋਇਆ ਹੈ। ਅਸਲ ਵਿੱਚ ਅੰਮ੍ਰਿਤਸਰ ਤੋਂ ਟਮਾਟਰ ਲੈ ਕੇ ਜਾ ਰਹੀ ਇੱਕ ਪਿਕਅੱਪ ਗੱਡੀ ਗੁਰਦਾਸਪੁਰ ਦੀ ਸੜਕ ਦੇ ਵਿਚਾਲੇ ਪਲਟ ਗਈ ਹੈ। ਗੱਡੀ ਦੇ ਟਾਇਰ ਫਟਣ ਕਰਕੇ ਇਹ ਹਾਦਸਾ ਵਾਪਰਿਆ। ਹਾਦਸੇ ਵਿੱਚ ਪਿਕਅੱਪ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਦੱਸ ਦਈਏ ਕਿ ਗੱਡੀ ਪਲਟਣ ਨਾਲ ਸੜਕ ‘ਤੇ ਟਮਾਟਰਾਂ ਦੇ ਕਰੇਟ ਖਿੱਲਰ ਗਏ, ਜਿਸ ਕਰਕੇ ਕਾਫੀ ਨੁਕਸਾਨ ਹੋਇਆ ਹੈ। ਪਿਕਅੱਪ ਚਾਲਕ ਅਮਿਤ ਸਿੰਘ ਨੇ ਦੱਸਿਆ ਕਿ ਉਹ ਟਮਾਟਰ ਲੱਦ ਕੇ ਅੰਮ੍ਰਿਤਸਰ ਤੋਂ ਸ਼੍ਰੀਨਗਰ ਵੱਲ ਜਾ ਰਿਹਾ ਸੀ। ਜਿਵੇਂ ਹੀ ਉਹ ਗੁਰਦਾਸਪੁਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਪਿੰਡ ਬੱਬਰੀ ਨੇੜੇ ਪਹੁੰਚਿਆ ਤਾਂ ਅਚਾਨਕ ਪਿਕਅੱਪ ਦੇ ਦੋ ਟਾਇਰ ਫਟ ਗਏ, ਜਿਸ ਕਰਕੇ ਇਹ ਹਾਦਸਾ ਹੋਇਆ।
ਡਰਾਈਵਰ ਅਮਿਤ ਨੇ ਦੱਸਿਆ ਕਿ ਆਸ-ਪਾਸ ਖੜ੍ਹੇ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ।ਨਾਲ ਹੀ ਉਸਨੇ ਕਿਹਾ ਕਿ ਇਨ੍ਹੀਂ ਦਿਨੀਂ ਟਮਾਟਰਾਂ ਦੇ ਭਾਅ ਬਹੁਤ ਜ਼ਿਆਦਾ ਹਨ ਤੇ ਸੜਕ ‘ਤੇ ਖਿੱਲਰ ਜਾਣ ਕਰਕੇ ਜ਼ਿਆਦਾਤਰ ਟਮਾਟਰ ਖਰਾਬ ਹੋ ਗਏ ਹਨ | ਜਿਸ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਹੈ।












