ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸਬ-ਡਿਵੀਜ਼ਨ ਦੇ ਪਿੰਡ ਭੜੋਆਣਾ ਨੇੜੇ ਟਰੈਕਟਰ-ਟਰਾਲੀ ਅਤੇ ਈ-ਰਿਕਸ਼ਾ ਦੀ ਟੱਕਰ ਹੋ ਗਈ। ਜਿਸ ਵਿੱਚ 8 ਮਜ਼ਦੂਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਹਨਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਜ਼ਖਮੀਆਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਇਲਾਜ ਅਧੀਨ ਜੱਸਾ ਵਾਸੀ ਪਿੰਡ ਫਤਿਹਗੜ੍ਹ ਪੰਜਤੂਰ ਜ਼ਿਲ੍ਹਾ ਮੋਗਾ ਅਨੁਸਾਰ ਉਹ ਪਿੰਡ ਕਬੀਰਪੁਰ ਦੇ ਖੇਤਾਂ ਵਿੱਚ ਖੇਤੀ ਦਾ ਕੰਮ ਕਰਦਾ ਹੈ। ਜਦੋਂ ਉਹ ਬੀਤੀ ਰਾਤ ਆਪਣਾ ਕੰਮ ਨਿਪਟਾ ਕੇ ਈ-ਰਿਕਸ਼ਾ ‘ਤੇ ਆਪਣੇ ਪਿੰਡ ਪਰਤ ਰਿਹਾ ਸੀ। ਜਦੋਂ ਉਹ ਪਿੰਡ ਭੜੋਆਣਾ ਨੇੜੇ ਪਹੁੰਚਿਆ ਤਾਂ ਕਿਸੇ ਅਣਪਛਾਤੇ ਟਰੈਕਟਰ ਟਰਾਲੀ ਨੇ ਉਸ ਦੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਈ-ਰਿਕਸ਼ਾ ਪਲਟ ਗਿਆ।
ਇਸ ਹਾਦਸੇ ਵਿੱਚ ਕੁਲਵੰਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਮੋਜੇਵਾਲ (ਮੋਗਾ), ਪਿੱਪਲ ਸਿੰਘ ਪੁੱਤਰ ਸੋਹਣ ਸਿੰਘ, ਹਰਬੰਸ ਸਿੰਘ ਪੁੱਤਰ ਦਾਰਾ ਸਿੰਘ, ਕੁਲਵੰਤ ਸਿੰਘ ਪੁੱਤਰ ਅਜੈਬ ਸਿੰਘ, ਨੰਨੂ ਪੁੱਤਰ ਰੂਬੀ, ਮਨਪ੍ਰੀਤ ਸਿੰਘ ਪੁੱਤਰ ਅਜਾਇਬ ਸਿੰਘ, ਸਤਪਾਲ ਪੁੱਤਰ ਰਲਦੂ ਸਾਰੇ ਪਿੰਡ ਫਤਿਹਗੜ੍ਹ ਪੰਜਤੂਰ ਜ਼ਿਲਾ ਮੋਗਾ ਜ਼ਖਮੀ ਹੋ ਗਿਆ।
ਜਿਸ ਤੋਂ ਬਾਅਦ 108 ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖਲ ਕਰਵਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਟਰੈਕਟਰ ਟਰਾਲੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟਰੈਕਟਰ ਟਰਾਲੀ ਚਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਡਿਊਟੀ ਡਾਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇ ਦਿੱਤੀ ਗਈ ਹੈ ਅਤੇ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਉਨ੍ਹਾਂ ਨੂੰ ਰੈਫ਼ਰ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਸੂਤਰਾਂ ਦੀ ਮੰਨੀਏ ਤਾਂ ਉਕਤ ਟਰੈਕਟਰ ਟਰਾਲੀ ਦਾ ਡਰਾਈਵਰ ਚੋਰੀ-ਛਿਪੇ ਰੇਤ ਲੈ ਕੇ ਆ ਰਿਹਾ ਸੀ, ਜਿਸ ਕਾਰਨ ਉਹ ਟੱਕਰ ਮਾਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਕਬੀਰਪੁਰ ਦੇ ਐਸਐਚਓ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਜਾਂਚ ਅਧਿਕਾਰੀ ਏਐਸਆਈ ਮੱਖਣ ਸਿੰਘ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਰਹੇ ਹਨ। ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।












