ਭਾਰਤ ਦੇ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਸਰਹੱਦ ਪਾਰੋਂ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਸਾਂਝੇ ਅਭਿਆਨ ਸ਼ੁਰੂ ਕੀਤੇ ਹਨ। ਕੇਂਦਰੀ ਅਤੇ ਸੂਬਾਈ ਸੁਰੱਖਿਆ ਬਲਾਂ ਨੇ ਪੰਜਾਬ ਦੇ ਛੇ ਸਰਹੱਦੀ ਜ਼ਿਲਿਆਂ ਵਿੱਚ ਸਾਂਝੇ ਆਪਰੇਸ਼ਨ ਚਲਾਏ ਹਨ ਜੋ ਡਰੋਨਾਂ ਰਾਹੀਂ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਵਿੱਚ ਕਾਫ਼ੀ ਸਫਲ ਰਹੇ ਹਨ। ਸਰਹੱਦੀ ਇਲਾਕਿਆਂ ‘ਚ ਦੇਸ਼ ਵਿਰੋਧੀ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਲਗਭਗ 3000 ਏ.ਆਈ. ਸਮਰੱਥ ਕੈਮਰੇ ਲਗਾਏ ਜਾ ਰਹੇ ਹਨ। ਭਾਰਤ ਸਰਕਾਰ ਹੁਣ ਸਰਹੱਦੀ ਇਲਾਕਿਆਂ ਵਿੱਚ ਡਰੋਨਾਂ ਰਾਹੀਂ ਨਸ਼ਿਆਂ ਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਲਈ ਪੂਰੀ ਸਰਹੱਦ ਨੂੰ ਐਂਟੀ ਡਰੋਨ ਤਕਨੀਕ ਨਾਲ ਲੈਸ ਕਰ ਰਹੀ ਹੈ।
ਪੰਜਾਬ ਦੇ ਸਾਰੇ ਸਰਹੱਦੀ ਜ਼ਿਲਿਆਂ ਵਿੱਚ ਪਿੰਡ ਪੱਧਰੀ ਰੱਖਿਆ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਸਰਹੱਦੀ ਜ਼ਿਲਿਆਂ ਵਿੱਚ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਬਾਰੇ ਪੁਲਿਸ ਅਤੇ ਰੱਖਿਆ ਬਲਾਂ ਨੂੰ ਸੂਚਿਤ ਕਰਨ ਲਈ ਸਮੂਹਿਕ ਤੌਰ ‘ਤੇ ਕੰਮ ਕਰ ਰਹੀਆਂ ਹਨ।
ਪੰਜਾਬ ਦੇ ਰਾਜਪਾਲ ਨੇ ਛੇ ਸਰਹੱਦੀ ਜ਼ਿਲਿਆਂ ਵਿੱਚ ਆਪਣੇ ਪਿੰਡਾਂ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਸਬੰਧੀ ਕਾਰਗੁਜ਼ਾਰੀ ਦੇ ਆਧਾਰ ’ਤੇ ਪਹਿਲੀਆਂ ਤਿੰਨ ਸਰਬੋਤਮ ਪਿੰਡ ਪੱਧਰੀ ਰੱਖਿਆ ਕਮੇਟੀਆਂ ਨੂੰ ਆਪਣੇ ਅਖਤਿਆਰੀ ਕੋਟੇ ਵਿੱਚੋਂ 36 ਲੱਖ ਰੁਪਏ ਸਾਲਾਨਾ ਇਨਾਮ ਰਾਸ਼ੀ ਦੇਣ ਦਾ ਫੈਸਲਾ ਕੀਤਾ ਹੈ। ਇਹ ਇਨਾਮ ਸਾਰੇ 6 ਸਰਹੱਦੀ ਜ਼ਿਲਿਆਂ ਵਿੱਚ ਹਰੇਕ ਜ਼ਿਲ੍ਹੇ ਦੇ ਤਿੰਨ ਪਿੰਡਾਂ ਨੂੰ ਦਿੱਤਾ ਜਾਵੇਗਾ, ਜਿਸ ਵਿੱਚ ਪਹਿਲੇ ਨੰਬਰ ‘ਤੇ ਆਉਣ ਵਾਲੀ ਪਿੰਡ ਪੱਧਰੀ ਰੱਖਿਆ ਕਮੇਟੀ ਨੂੰ 3 ਲੱਖ ਰੁਪਏ, ਦੂਜੇ ਨੰਬਰ ‘ਤੇ ਆਉਣ ਵਾਲੀ ਰੱਖਿਆ ਕਮੇਟੀ ਨੂੰ 2 ਲੱਖ ਰੁਪਏ ਅਤੇ ਤੀਜੇ ਨੰਬਰ ‘ਤੇ ਆਉਣ ਵਾਲੀ ਰੱਖਿਆ ਕਮੇਟੀ ਨੂੰ 1 ਲੱਖ ਰੁਪਏ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਪੰਜਾਬ ਰਾਜ ਭਵਨ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੀ ਪਹਿਲਕਦਮੀ ਸ਼ੁਰੂ ਕੀਤੀ ਹੈ, ਜਿਸ ਦਾ ਉਦੇਸ਼ ਨਾ ਸਿਰਫ਼ ਹੋਣਹਾਰ ਵਦਿਆਰਥੀਆਂ ਦੀ ਮਿਹਨਤ ਅਤੇ ਪ੍ਰਾਪਤੀਆਂ ਦੀ ਸ਼ਲਾਘਾ ਕਰਨਾ ਹੈ, ਸਗੋਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੁਝ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਸੂਬੇ/ਯੂ.ਟੀ. ਵਿੱਚ 8ਵੀਂ ਅਤੇ 10ਵੀਂ ਜਮਾਤ ਵਿੱਚ ਸਰਬੋਤਮ ਕਾਰਗੁਜ਼ਾਰੀ ਵਾਲੇ ਪੰਜਾਬ ਅਤੇ ਯੂਟੀ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ 300 ਹੋਣਹਾਰ ਵਿਦਿਆਰਥੀ ਨੂੰ ਸਨਮਾਨਿਤ ਕੀਤਾ ਗਿਆ ਹੈ। ਇਨਾਮੀ ਰਾਸ਼ੀ ਵਜੋਂ 10ਵੀਂ ਜਮਾਤ ਦੇ ਹਰੇਕ ਵਿਦਿਆਰਥੀ ਨੂੰ 10,000 ਰੁਪਏ ਅਤੇ 8ਵੀਂ ਜਮਾਤ ਦੇ ਹਰੇਕ ਵਿਦਿਆਰਥੀ ਨੂੰ 5000 ਰੁਪਏ ਦਿੱਤੇ ਗਏ ਹਨ।
ਮੈਂ ਪੰਜਾਬ ਦੇ ਲੋਕਾਂ, ਚੁਣੇ ਹੋਏ ਨੁਮਾਇੰਦਿਆਂ, ਸਿਵਲ ਅਤੇ ਪੁਲਿਸ ਅਧਿਕਾਰੀਆਂ, ਸਾਬਕਾ ਸੈਨਿਕਾਂ, ਨੌਜਵਾਨਾਂ, ਡਾਕਟਰਾਂ, ਸਿੱਖਿਆ ਸ਼ਾਸਤਰੀਆਂ, ਬੁੱਧੀਜੀਵੀਆਂ, ਗੈਰ ਸਰਕਾਰੀ ਸੰਗਠਨਾਂ, ਸਵੈ-ਸੇਵੀ ਸੰਸਥਾਵਾਂ ਅਤੇ ਮੀਡੀਆ ਨੂੰ ਨਸ਼ਿਆਂ ਵਿਰੁੱਧ ਮੁਹਿੰਮਾਂ ਚਲਾਉਣ, ਹਰੇ-ਭਰੇ ਅਤੇ ਸਾਫ਼-ਸੁਥਰੇ ਵਾਤਾਵਰਣ, ਗ੍ਰੀਨ ਐਨਰਜੀ, ਸੋਲਰ ਐਨਰਜੀ, ਭਾਰਤ ਸਰਕਾਰ ਦੀ ਸਕੀਮ ‘ਏਕ ਪੇਡ ਮਾਂ ਕੇ ਨਾਮ’ ਤਹਿਤ ਪੌਦੇ ਲਗਾਉਣ, ਸਵੱਛ ਭਾਰਤ, ਡਿਜੀਟਲ ਇੰਡੀਆ, ਮੇਕ ਇਨ ਇੰਡੀਆ, ਮਹਿਲਾ ਸਸ਼ਕਤੀਕਰਨ, ਵਿਕਸ਼ਿਤ ਭਾਰਤ ਆਦਿ ਲਈ ਜਨਤਕ ਮੁਹਿੰਮਾਂ ਚਲਾਉਣ ਦਾ ਸੱਦਾ ਦਿੰਦਾ ਹਾਂ।
ਆਓ, ਇਸ ਮੌਕੇ ਅਸੀਂ ਆਪਣੇ ਦੇਸ਼ ਦੇ ਹਿੱਤਾਂ ਨੂੰ ਤਰਜੀਹ ਦਿੰਦੇ ਹੋਏ, ਇਮਾਨਦਾਰੀ, ਵਚਨਬੱਧਤਾ, ਲਗਨ ਅਤੇ ਸਮਰਪਣ ਨਾਲ ਆਪਣੇ ਫਰਜ਼ ਨਿਭਾਉਣ ਲਈ ਸਮੂਹਿਕ ਤੌਰ ‘ਤੇ ਸਖ਼ਤ ਮਿਹਨਤ ਕਰਨ ਦਾ ਪ੍ਰਣ ਕਰੀਏ।
ਮੈਂ ਇੱਕ ਵਾਰ ਫਿਰ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ।