ਭਾਰਤੀ ਘਰਾਂ ‘ਚ ਆਮ ਤੌਰ ‘ਤੇ ਸਰ੍ਹੋਂ, ਨਾਰੀਅਲ ਜਾਂ ਮੂੰਗਫਲੀ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਇਨ੍ਹਾਂ ਵਿੱਚੋਂ ਕੋਈ ਵੀ ਤੇਲ ਦਿਲ ਦੀ ਸਿਹਤ ਲਈ ਵਿਸ਼ੇਸ਼ ਤੌਰ ‘ਤੇ ਫਾਇਦੇਮੰਦ ਨਹੀਂ ਹੈ। ਜੇਕਰ ਦਿਲ ਦੇ ਮਰੀਜ਼ ਹੋ ਤਾਂ ਅਲਸੀ ਦੇ ਤੇਲ ਦਾ ਸੇਵਨ ਤੁਹਾਡੀ ਸਿਹਤ ਲਈ ਸਭ ਤੋਂ ਵੱਧ ਫਾਇਦੇਮੰਦ ਹੋ ਸਕਦਾ ਹੈ। ਨਿਊਟ੍ਰੀਸ਼ਨਿਸਟ ਵਿਨੀਤ ਕੁਮਾਰ ਨੇ ਕਿਹਾ ਕਿ ਅਲਸੀ ਦਾ ਤੇਲ ਦਿਲ ਦੀਆਂ ਬਿਮਾਰੀਆਂ ਲਈ ਜ਼ਿੰਮੇਵਾਰ ਮੁੱਖ ਜੋਖ਼ਮ ਤੱਤਾਂ ਨੂੰ ਸੁਧਾਰਨ ਤੇ ਰੋਕਣ ‘ਚ ਮਦਦ ਕਰਦਾ ਹੈ।
ਨਿਊਟ੍ਰੀਸ਼ਨਿਸਟ ਵਿਨੀਤ ਨੇ ਦੱਸਿਆ ਕਿ ਕਈ ਅਧਿਐਨਾਂ ‘ਚ ਅਲਸੀ ਦੇ ਤੇਲ ਨੂੰ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਦੱਸਿਆ ਗਿਆ ਹੈ। ਹੈਲਥ ਲਾਈਨ ਤੇ ਮੇਓ ਕਲੀਨਿਕ ਅਨੁਸਾਰ, ਫਲੈਕਸਸੀਡ ਦੇ ਤੇਲ ‘ਚ ਅਲਫ਼ਾ-ਲਿਨੋਲੇਨਿਕ ਐਸਿਡ (ਏਐਲਏ), ਇਕ ਕਿਸਮ ਦਾ ਓਮੇਗਾ 3 ਫੈਟੀ ਐਸਿਡ ਹੁੰਦਾ ਹੈ। ਇਹ ਦਿਲ ਦੀ ਸਿਹਤ ਲਈ ਜ਼ਰੂਰੀ ਓਮੇਗਾ-3 ਫੈਟੀ ਐਸਿਡ ਹੈ। ਇਸ ਤੋਂ ਇਲਾਵਾ ਫਲੈਕਸਸੀਡ ਦਾ ਤੇਲ ਘੁਲਣਸ਼ੀਲ ਫਾਈਬਰ ਤੇ ਲਿਗਨਾਨ ਨਾਲ ਭਰਪੂਰ ਹੁੰਦਾ ਹੈ। ਕੁਝ ਅਧਿਐਨਾਂ ਨੇ ਦਿਖਾਇਆ ਹੈ ਕਿ ਫਲੈਕਸਸੀਡ ਦਾ ਤੇਲ ਕੋਲੈਸਟ੍ਰੋਲ, ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ਨੂੰ ਕੰਟਰੋਲ ‘ਚ ਰੱਖਣ ਵਿਚ ਵੀ ਮਦਦ ਕਰ ਸਕਦਾ ਹੈ।
ਅਲਸੀ ਦੇ ਤੇਲ ਦਾ ਸੇਵਨ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਇਸ ਤੇਲ ਦੀ ਵਰਤੋਂ ਤੁਸੀਂ ਖਾਣਾ ਬਣਾਉਣ ਲਈ ਕਰ ਸਕਦੇ ਹੋ। ਪਰ ਧਿਆਨ ਰੱਖੋ ਕਿ ਜ਼ਿਆਦਾ ਗਰਮ ਕਰਨ ਨਾਲ ਇਸ ਦੇ ਪੌਸ਼ਟਿਕ ਤੱਤ ਨਸ਼ਟ ਹੋ ਸਕਦੇ ਹਨ। ਇਸ ਤੋਂ ਇਲਾਵਾ ਸਵੇਰੇ ਖਾਲੀ ਪੇਟ ਇਕ ਚੱਮਚ ਅਲਸੀ ਦੇ ਤੇਲ ਨੂੰ ਕੋਸੇ ਪਾਣੀ ‘ਚ ਮਿਲਾ ਕੇ ਪੀਣ ਨਾਲ ਵੀ ਫਾਇਦਾ ਹੋ ਸਕਦਾ ਹੈ। ਇਸ ਦੇ ਨਾਲ ਹੀ ਕਿਸੇ ਮਾਹਿਰ ਦੀ ਸਲਾਹ ‘ਤੇ ਤੁਸੀਂ ਬਾਜ਼ਾਰ ‘ਚ ਮੌਜੂਦ ਇਸ ਦੇ ਕੈਪਸੂਲ ਦਾ ਸੇਵਨ ਵੀ ਕਰ ਸਕਦੇ ਹੋ। ਪਰ ਧਿਆਨ ਰੱਖੋ ਕਿ ਅਲਸੀ ਦੇ ਤੇਲ ਦੀ ਵਰਤੋਂ ਬਹੁਤ ਘੱਟ ਮਾਤਰਾ ਵਿੱਚ ਕਰੋ।












