ਚੰਡੀਗੜ੍ਹ/ਮੋਗਾ, 11 ਜੂਨ 2022 – ਪੰਜਾਬ ਪੁਲਿਸ ਨੇ ਵੱਲੋਂ ਬੀਤੀ 10 ਜੂਨ ਦੀ ਸ਼ਾਮ ਨੂੰ ਮੋਗਾ ਦੇ ਪਿੰਡ ਥਰਾਜ ਬਾਘਾਪੁਰਾਣਾ ਵਿਖੇ ਚੈਕਿੰਗ ਦੌਰਾਨ 2 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਕੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹਨਾਂ ਕੋਲੋਂ ਇੱਕ ਚਿੱਟੇ ਰੰਗ ਦੀ ਮਾਰੂਤੀ ਸਿਆਜ਼ ਕਾਰ ਵੀ ਬਰਾਮਦ ਕੀਤੀ ਗਈ ਹੈ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਸਵੰਤ ਸਿੰਘ, ਸੁਖਚੈਨ ਸਿੰਘ ਅਤੇ ਸਤਨਾਮ ਸਿੰਘ ਵਜੋਂ ਹੋਈ ਹੈ। ਜਿਹਨਾਂ ‘ਚ ਮੁਲਜ਼ਮ ਜਸਵੰਤ ਅਤੇ ਸੁਖਚੈਨ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ।
ਮੋਗਾ ਦੇ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਗੁਲਨੀਤ ਸਿੰਘ ਖੁਰਾਣਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਮੋਗਾ ਨੂੰ ਇਤਲਾਹ ਮਿਲੀ ਸੀ ਕਿ ਉਕਤ ਤਿੰਨੇ ਦੋਸ਼ੀ ਭਗਤਾ ਭਾਈ ਕਾ ਤੋਂ ਬਾਘਾਪੁਰਾਣਾ ਵੱਲ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਜਾ ਰਹੇ ਹਨ। ਜਿਸ ਤੋਂ ਬਾਅਦ ਪੁਲਿਸ ਟੀਮਾਂ ਨੇ ਪਿੰਡ ਥਰਾਜ ਵਿਖੇ ਭਗਤਾ ਭਾਈ ਕਾ ਰੋਡ ‘ਤੇ ਨਾਕਾ ਲਾ ਚੈਕਿੰਗ ਦੌਰਾਨ ਚਿੱਟੇ ਰੰਗ ਦੀ ਸਿਆਜ਼ ਕਾਰ ਨੂੰ ਰੋਕ ਕੇ ਕਾਰ ‘ਚ ਸਵਾਰ ਤਿੰਨਾਂ ਮੁਲਜ਼ਮਾਂ ਦੇ ਕਬਜ਼ੇ ‘ਚੋਂ 2 ਕਿਲੋ ਹੈਰੋਇਨ ਬਰਾਮਦ ਕੀਤੀ।
ਐਸਐਸਪੀ ਨੇ ਕਿਹਾ ਕਿ ਅੱਗੇ ਦੀ ਜਾਂਚ ਜਾਰੀ ਹੈ ਅਤੇ ਜਲਦ ਹੀ ਹੋਰ ਬਰਾਮਦਗੀਆਂ ਅਤੇ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ। ਇਸ ਸਬੰਧੀ ਪੁਲਿਸ ਨੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21/61/85 ਤਹਿਤ ਐਫ.ਆਈ.ਆਰ ਨੰ. 120 ਮਿਤੀ 10 ਜੂਨ 2022 ਥਾਣਾ ਬਾਘਾਪੁਰਾਣਾ ਵਿਖੇ ਪਰਚਾ ਦਰਜ ਕਰ ਲਿਆ ਹੈ।












