ਪੰਜਾਬ ਪੁਲਿਸ ਦੀ ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਨੇ ਫਾਜ਼ਿਲਕਾ ਦੇ ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਤੋਂ ਬਾਅਦ ਵੀਰਵਾਰ ਨੂੰ ਐਸਟੀਐਫ ਨੇ ਮਿੱਤਲ ਅਤੇ ਉਸ ਨਾਲ ਜੁੜੇ ਲੋਕਾਂ ਦੇ ਘਰ ਛਾਪੇਮਾਰੀ ਕੀਤੀ।
ਦੱਸ ਦਈਏ ਕਿ STF ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ 13 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਐਸਟੀਐਫ ਨੇ ਮੁਲਜ਼ਮ ਅਤੇ ਉਸਦੇ ਸਾਥੀਆਂ ਦੇ 24 ਬੈਂਕ ਖਾਤਿਆਂ ਨੂੰ ਸੀਲ ਕਰ ਦਿੱਤਾ ਹੈ। ਜੋ ਹੋਰ ਵੀ ਕਈ ਲੋਕਾਂ ਦੇ ਨਾਂ ‘ਤੇ ਚੱਲ ਰਹੇ ਸਨ। ਬੈਂਕ ਖਾਤਿਆਂ ਵਿੱਚ ਕੁੱਲ ਰਕਮ 6.19 ਕਰੋੜ ਰੁਪਏ ਹੈ। ਇਸ ਤੋਂ ਇਲਾਵਾ 3 ਬੈਂਕ ਲਾਕਰ ਵੀ ਫਰੀਜ਼ ਕੀਤੇ ਗਏ ਹਨ। 9 ਲੱਖ ਰੁਪਏ ਦੀ ਨਕਦੀ ਅਤੇ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਜਾਂਚ ਵਿੱਚ ਜ਼ੀਰਕਪੁਰ ਵਿੱਚ 1.4 ਕਰੋੜ ਰੁਪਏ ਦੀ ਅਚੱਲ ਜਾਇਦਾਦ ਦਾ ਵੀ ਖੁਲਾਸਾ ਹੋਇਆ ਹੈ।
ਇਸ ਦੌਰਾਨ ਐਸਟੀਐਫ ਦੀਆਂ ਟੀਮਾਂ ਜਾਂਚ ਲਈ ਬਠਿੰਡਾ, ਮੁਹਾਲੀ, ਗਿੱਦੜਬਾਹਾ, ਜ਼ੀਰਕਪੁਰ ਅਤੇ ਫਤਿਹਾਬਾਦ ਪਹੁੰਚੀਆਂ। ਇਸ ਸਾਰੀ ਕਾਰਵਾਈ ਦੀ ਐਸਟੀਐਫ ਵੱਲੋਂ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਜਾਰੀ ਹੈ।
ਐਸਟੀਐਫ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੇ ਜੇਲ੍ਹ ਵਿੱਚ ਬੰਦ ਵੱਡੇ ਨਸ਼ਾ ਤਸਕਰਾਂ ਨਾਲ ਸਬੰਧ ਹਨ। ਇਸ ਕਾਲੇ ਧੰਦੇ ਤੋਂ ਆਉਣ ਵਾਲੀ ਦੌਲਤ ਤੋਂ ਉਸ ਨੇ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਹੈ। STF ਨੂੰ ਤਲਾਸ਼ੀ ਦੌਰਾਨ ਕਈ ਅਹਿਮ ਸੁਰਾਗ ਮਿਲੇ ਹਨ। ਐਸਟੀਐਫ ਨੇ ਕਈ ਦਸਤਾਵੇਜ਼ ਵੀ ਇਕੱਠੇ ਕੀਤੇ ਹਨ। ਐਸਟੀਐਫ ਅਧਿਕਾਰੀਆਂ ਦਾ ਮੰਨਣਾ ਹੈ ਕਿ ਮੁਲਜ਼ਮ ਨਸ਼ਾ ਤਸਕਰਾਂ ਨਾਲ ਸਿੰਥੈਟਿਕ ਡਰੱਗ ਰੈਕੇਟ ਵਿੱਚ ਸ਼ਾਮਲ ਸੀ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਏਡੀਜੀਪੀ ਐਸਟੀਐਫ ਨੀਲਾਭ ਕਿਸ਼ੋਰ ਨੇ ਦੱਸਿਆ ਕਿ ਪੁਲੀਸ ਨੇ ਡਰੱਗ ਇੰਸਪੈਕਟਰ ਦੇ ਵੀਹ ਤੋਂ ਵੱਧ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਹਨ। ਕੁਝ ਬੈਂਕ ਲਾਕਰ ਵੀ ਮਿਲੇ ਹਨ, ਜਿਨ੍ਹਾਂ ਨੂੰ ਫਰੀਜ਼ ਵੀ ਕੀਤਾ ਗਿਆ ਹੈ। ਜਦੋਂ ਇਹ ਛਾਪੇਮਾਰੀ ਪੂਰੀ ਹੋ ਜਾਵੇਗੀ ਤਾਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਦੂਜੇ ਪਾਸੇ ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮ ਨੇ ਨਸ਼ਾ ਤਸਕਰੀ ਦੇ ਪੈਸੇ ਨਾਲ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਹੈ। ਜਿਸ ਨੂੰ ਹੁਣ STF ਵੱਲੋਂ ਪਹਿਲ ਦੇ ਆਧਾਰ ‘ਤੇ ਨੱਥੀ ਕੀਤਾ ਜਾਵੇਗਾ। ਇਸ ਨੂੰ ਪੁਲਿਸ ਲਈ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ। ਐਸਟੀਐਫ ਕਰੀਬ ਇੱਕ ਮਹੀਨੇ ਤੋਂ ਜਾਂਚ ਵਿੱਚ ਜੁਟੀ ਹੋਈ ਸੀ। ਪੁਲਿਸ ਇਸ ਮਾਮਲੇ ‘ਚ ਹੋਰ ਵੀ ਕਈ ਲੋਕਾਂ ‘ਤੇ ਨਜ਼ਰ ਰੱਖੇਗੀ।