ਅੰਮ੍ਰਿਤਸਰ, 9 ਮਈ 2022 – ਪੀ ਐਸ ਪੀ ਸੀ ਐਲ ਦੇ ਇੰਜੀਨੀਅਰ ਸੋਹਣਾ ਸਿੰਘ ਅਤੇ ਮੋਹਣਾ ਸਿੰਘ ਦੀ ਬਦਲੀ ਮਾਨਾਂਵਾਲਾ ਬਿਜਲੀ ਦਫਤਰ ਦੀ ਕਰ ਦਿੱਤੀ ਗਈ ਹੈ। ਪੀ ਐਸ ਪੀ ਸੀ ਐਲ ਦੇ ਇੰਜੀਨੀਅਰ ਸੋਹਣਾ ਸਿੰਘ ਅਤੇ ਮੋਹਣਾ ਸਿੰਘ, ਜੋ ਕਿ ਇਕ ਧੜ ਨਾਲ ਜੁੜੇ ਹੋਏ ਭਰਾ ਹਨ, ਨੇ ਮਾਨਾਂਵਾਲਾ ਬਿਜਲੀ ਦਫਤਰ ‘ਚ ਬਦਲੀ ਕਰਨ ਦੀ ਮੰਗ ਕੀਤੀ ਸੀ।
ਜਿਸ ਤੋਂ ਬਾਅਦ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਉਨ੍ਹਾਂ ਦੀ ਮੰਗ ‘ਤੇ ਉਹਨਾਂ ਦੀ ਬਦਲੀ ਕਰ ਦਿੱਤੀ। ਦੱਸਣਯੋਗ ਹੈ ਕਿ ਉਕਤ ਦੋਵਾਂ ਭਰਾਵਾਂ ਨੂੰ ਵਿਸ਼ਵ ਪ੍ਰਸਿੱਧ ਸੰਸਥਾ ਭਗਤ ਪੂਰਨ ਸਿੰਘ ਪਿੰਗਲਵਾੜਾ ਨੇ ਪੜਾਇਆ ਅਤੇ ਪਾਲਣ ਪੋਸ਼ਣ ਕੀਤਾ ਹੈ। ਉਕਤ ਦੋਵੇਂ ਇਸ ਵੇਲੇ ਪਾਵਰ ਕਾਲੋਨੀ, ਮਜੀਠਾ ਰੋਡ ਅੰਮ੍ਰਿਤਸਰ ਵਿਖੇ ਆਰ ਟੀ ਐਮ ਦੀ ਪੋਸਟ ਉਤੇ ਤਾਇਨਾਤ ਹਨ ਅਤੇ ਅਜੇ ਵੀ ਪਿੰਗਲਵਾੜਾ ਦੇ ਮਾਨਾਂਵਾਲਾ ਸਥਿਤ ਕੈਂਪਸ ਵਿੱਚ ਰਹਿੰਦੇ ਹਨ।
ਇੰਜੀਨੀਅਰ ਸੋਹਣਾ ਸਿੰਘ ਅਤੇ ਮੋਹਣਾ ਨੇ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਨਾਲ ਉਨ੍ਹਾਂ ਦੀ ਰਿਹਾਇਸ਼ ਉਤੇ ਮਿਲੇ ਅਤੇ ਮਾਨਾਂਵਾਲਾ ਤੋਂ ਮਜੀਠਾ ਰੋਡ ਦਫਤਰ ਦੀ ਦੂਰੀ ਦੱਸਕੇ ਆਉਣ ਜਾਣ ਦੀ ਤਕਲੀਫ਼ ਦੱਸਦੇ ਹੋਏ ਬਦਲੀ ਦੀ ਮਨਾਗ ਕੀਤੀ ਸੀ ਜਿਸ ਤੋਂ ਬਾਅਦ ਹਰਭਜਨ ਸਿੰਘ ਨੇ ਉਨ੍ਹਾਂ ਦੀ ਜਾਇਜ਼ ਮੰਗ ਸੁਣਦੇ ਹੋਏ ਪਟਿਆਲਾ ਸਥਿਤ ਪੀ ਐਸ ਪੀ ਸੀ ਐਲ ਦੇ ਮੁੱਖ ਦਫ਼ਤਰ ਨਾਲ ਰਾਬਤਾ ਕੀਤਾ ਅਤੇ ਤਰੁੰਤ ਉਕਤ ਦੋਵੇਂ ਭਰਾਵਾਂ ਦੀ ਬਦਲੀ ਮਾਨਾਂਵਾਲਾ ਕਰਵਾਈ ਅਤੇ ਉਨ੍ਹਾਂ ਨੂੰ ਆਰ ਟੀ ਐਮ ਤੋਂ ਐਸ ਐਸ ਏ ਲਗਾਉਣ ਦੀ ਹਦਾਇਤ ਵੀ ਕੀਤੀ।












