ਅਬੋਹਰ, 11 ਮਈ 2024 – ਅਬੋਹਰ ਵਿੱਚ ਬੀਤੀ ਰਾਤ ਅਚਾਨਕ ਖਰਾਬ ਮੌਸਮ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਖਰਾਬ ਮੌਸਮ ਕਾਰਨ ਨਹਿਰ ਦੇ ਨੇੜੇ ਸਥਿਤ ਜੰਗਲਾਤ ਵਿਭਾਗ ਦੇ ਸੁੱਕੇ ਦਰੱਖਤ ਨਹਿਰ ਵਿੱਚ ਡਿੱਗ ਗਏ, ਜਿਸ ਕਾਰਨ ਨਹਿਰ ਓਵਰਫਲੋ ਹੋ ਗਈ ਅਤੇ ਦੋ-ਤਿੰਨ ਥਾਵਾਂ ’ਤੇ ਨਹਿਰ ਦੇ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ।
ਇਹ ਦੇਖ ਕੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਪ੍ਰਧਾਨ ਗੁਣਵੰਤ ਸਿੰਘ, ਗੁਰਸੇਵਕ ਸਿੰਘ ਤੇ ਹੋਰ ਕਿਸਾਨਾਂ ਨੇ ਮੌਕੇ ’ਤੇ ਪਹੁੰਚ ਕੇ ਨਹਿਰ ਵਿੱਚ ਡਿੱਗੇ ਦਰੱਖਤ ਨੂੰ ਬਾਹਰ ਕੱਢ ਕੇ ਨਹਿਰ ਨੂੰ ਟੁੱਟਣ ਤੋਂ ਬਚਾਇਆ। ਕਿਸਾਨ ਆਗੂ ਗੁਣਵੰਤ ਸਿੰਘ ਨੇ ਕਿਹਾ ਕਿ ਨਹਿਰ ’ਤੇ ਜੰਗਲਾਤ ਵਿਭਾਗ ਵੱਲੋਂ ਲਗਾਏ ਗਏ ਦਰੱਖਤ ਅਕਸਰ ਹੀ ਨਹਿਰ ਦੇ ਟੁੱਟਣ ਦਾ ਕਾਰਨ ਬਣਦੇ ਹਨ ਕਿਉਂਕਿ ਦਰੱਖਤ ਸੁੱਕ ਕੇ ਨਹਿਰ ਵਿੱਚ ਡਿੱਗ ਜਾਂਦੇ ਹਨ, ਜਿਸ ਕਾਰਨ ਨਹਿਰ ਵਿੱਚ ਪਾਣੀ ਓਵਰਫਲੋ ਹੋ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧੀ ਕਈ ਵਾਰ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਚੁੱਕੇ ਹਨ। ਵਿਭਾਗ ਅਜੇ ਵੀ ਗੂੜ੍ਹੀ ਨੀਂਦ ਵਿੱਚ ਹੈ। ਉਨ੍ਹਾਂ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਕੋਈ ਸਰਕਾਰੀ ਨਿੰਮ ਦੇ ਦਰੱਖਤ ਦੀ ਦਾਤਣ ਤੋੜਦਾ ਹੈ ਤਾਂ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਜਾਂਦਾ ਹੈ, ਪਰ ਜੰਗਲਾਤ ਵਿਭਾਗ ਇਨ੍ਹਾਂ ਸੁੱਕੇ ਦਰੱਖਤਾਂ ਨੂੰ ਨਹੀਂ ਪੁੱਟ ਰਿਹਾ, ਜਿਸ ਕਾਰਨ ਇਹ ਨਹਿਰ ਨਿੱਤ ਦਿਨ ਟੁੱਟ ਰਹੀ ਹੈ।