ਲੁਧਿਆਣਾ ਵਿੱਚ ਵਿਜੀਲੈਂਸ ਬਿਊਰੋ ਦੀ ਟੀਮ ਨੇ ਮਾਰਕੀਟ ਕਮੇਟੀ, ਲੁਧਿਆਣਾ ਦੇ ਨਿਲਾਮੀ ਰਿਕਾਰਡਰ ਹਰੀ ਰਾਮ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਹਰੀਰਾਮ ਸੁਸਾਇਟੀ ਵਿੱਚ ਸਫਾਈ ਠੇਕੇ ਦਾ ਬਿੱਲ ਪਾਸ ਕਰਵਾਉਣ ਦੇ ਬਦਲੇ ਪੈਸਿਆਂ ਦੀ ਮੰਗ ਕਰ ਰਿਹਾ ਹੈ।
ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਪਰੋਕਤ ਅਧਿਕਾਰੀ ਨੂੰ ਸੋਨੂੰ ਵਾਸੀ ਅਸ਼ੋਕ ਨਗਰ, ਸਲੇਮ ਟਾਬਰੀ, ਲੁਧਿਆਣਾ, ਜੋ ਕਿ ਗਿੱਲ ਕੋਆਪ੍ਰੇਟਿਵ ਲੇਬਰ ਐਂਡ ਕੰਸਟਰੱਕਸ਼ਨ ਸੁਸਾਇਟੀ ਲੁਧਿਆਣਾ ਦਾ ਸਕੱਤਰ ਹੈ, ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸਐਸਪੀ ਸੰਧੂ ਅਨੁਸਾਰ ਸ਼ਿਕਾਇਤਕਰਤਾ ਨੇ ਵਿਜੀਲੈਂਸ ਨਾਲ ਸੰਪਰਕ ਕਰਕੇ ਸ਼ਿਕਾਇਤ ਦਰਜ ਕਰਵਾਈ ਹੈ।
ਸੋਨੂੰ ਨੇ ਦੱਸਿਆ ਕਿ ਉਪਰੋਕਤ ਸੁਸਾਇਟੀ ਲੁਧਿਆਣਾ ਸ਼ਹਿਰ ਦੇ ਅੰਦਰਲੇ ਬਾਜ਼ਾਰਾਂ, ਮੱਛੀ ਬਾਜ਼ਾਰਾਂ ਆਦਿ ਦੀ ਸਫ਼ਾਈ ਦਾ ਠੇਕਾ ਲੈਂਦੀ ਸੀ। ਕਾਰਾ-ਬਾਰਾ ਚੌਕ, ਬਹਾਦਰਕੇ ਰੋਡ, ਨੇੜੇ ਸਬਜ਼ੀ ਮੰਡੀ, ਲੁਧਿਆਣਾ ਦੀ ਸਫ਼ਾਈ ਦਾ ਠੇਕਾ ਮਾਰਕੀਟ ਕਮੇਟੀ ਲੁਧਿਆਣਾ ਵੱਲੋਂ 01 ਅਪ੍ਰੈਲ 2023 ਤੋਂ 31 ਮਾਰਚ 2024 ਤੱਕ ਉਕਤ ਸੁਸਾਇਟੀ ਨੂੰ ਦਿੱਤਾ ਗਿਆ ਹੈ।
ਮਾਰਕੀਟ ਕਮੇਟੀ ਦਾ ਮੁਲਾਜ਼ਮ ਹਰੀ ਰਾਮ ਉਸ ਤੋਂ ਪੰਜ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਸੈਕਟਰੀ ਮਾਰਕੀਟ ਕਮੇਟੀ ’ਤੇ ਸੁਸਾਇਟੀ ਦੇ ਮਹੀਨਾਵਾਰ ਬਿੱਲ ਪਾਸ ਕਰਨ ਬਦਲੇ ਹਰ ਮਹੀਨੇ 30 ਹਜ਼ਾਰ ਰੁਪਏ ਰਿਸ਼ਵਤ ਦੇਣ ਲਈ ਦਬਾਅ ਪਾ ਰਿਹਾ ਹੈ। ਸੋਨੂੰ ਨੇ ਮੁਲਜ਼ਮ ਹਰੀਰਾਮ ਦੀ ਗੱਲਬਾਤ ਰਿਕਾਰਡ ਕਰਕੇ ਸਬੂਤ ਵਜੋਂ ਵਿਜੀਲੈਂਸ ਨੂੰ ਸੌਂਪ ਦਿੱਤੀ।
ਐਸਐਸਪੀ ਸੰਧੂ ਅਨੁਸਾਰ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਲੁਧਿਆਣਾ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਜਿਸ ਤਹਿਤ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
ਇਸ ਸਬੰਧੀ ਉਕਤ ਦੋਸ਼ੀ ਖਿਲਾਫ ਵਿਜੀਲੈਂਸ ਲੁਧਿਆਣਾ ਰੇਂਜ ‘ਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।












