ਪੰਜਾਬੀ ਦੇ ਵਿਚ “ਪੋਹ ਰਿੱਧੀ ਮਾਘ ਖਾਧੀ ਦਾ” ਇਕ ਕਹਾਵਤ ਮਸ਼ਹੂਰ ਹੈ, ਜਿਸਦਾ ਲੋਹੜੀ ਦੇ ਤਿਉਹਾਰ ਨਾਲ ਸਬੰਧ ਹੈ। ਲੋਹੜੀ ਵਾਲੀ ਸ਼ਾਮ ਨੂੰ ਪੰਜਾਬ ਦੇ ਕਈ ਇਲਾਕਿਆਂ ਵਿਚ ਖਿਚੜੀ, ਖੀਰ ਜਾਂ ਸਾਗ ਬਣਾਇਆ ਜਾਂਦਾ ਹੈ, ਜੋ ਕਿ ਦੂਜੇ ਦਿਨ ਮਾਘੀ ਵਾਲੇ ਦਿਨ ਖਾਧਾ ਜਾਂਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਪੋਹ ਰਿੱਧੀ ਮਾਘ ਖਾਧੀ,
ਇਸ ਲਈ ਲੋਹੜੀ ਵਾਲੇ ਦਿਨ ਖਿਚੜੀ ਦਾ ਖਾਸ ਮਹੱਤਵ ਹੈ। ਪੰਜਾਬ ਹੀ ਨਹੀਂ ਇਹ ਪ੍ਰੰਪਰਾ ਦੇਸ਼ ਦੇ ਕਈ ਹੋਰ ਹਿੱਸਿਆਂ ਵਿਚ ਵੀ ਅਪਣਾਈ ਜਾਂਦੀ ਹੈ। ਪੰਜਾਬ ਵਿੱਚ ਬਾਜਰਾ ਤੇ ਮੋਠਾਂ ਨੂੰ ਮਿਲਾ ਕੇ ਖਿਚੜੀ ਬਣਾਈ ਜਾਂਦੀ ਹੈ।
ਪੋਹ ਦੀ ਆਖਰੀ ਸ਼ਾਮ ਨੂੰ ਇਹ ਖਿਚੜੀ ਬਣਾਈ ਜਾਂਦੀ ਹੈ ਤੇ ਮਾਘ ਦੀ ਸਵੇਰ ਨੂੰ ਲੋਕ ਜਲਦੀ ਉੱਠ ਕੇ ਨਹਾਉਂਦੇ ਹਨ ਤੇ ਫਿਰ ਉਸਤੋਂ ਬਾਅਦ ਖਿਚੜੀ ਖਾਂਦੇ ਹਨ। ਨਾਲ ਹੀ ਖਿਚੜੀ ਨੂੰ ਬਹੁਤ ਜਗ੍ਹਾ ਤੇ ਤਿਓੜ ਪਾ ਕੇ ਖਾਧਾ ਜਾਂਦਾ ਹੈ।
ਦੱਸ ਦਈਏ ਕਿ ਤਿਓੜ ਦੁੱਧ, ਲੱਸੀ ਤੇ ਦਹੀਂ ਤਿੰਨਾਂ ਦੇ ਬਰਾਬਰ ਮਿਸ਼ਰਣ ਨਾਲ ਬਣਦੀ ਹੈ। ਇਸ ਨਾਲ ਖਿਚੜੀ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ। ਖਿਚੜੀ ਠੰਢੀ ਹੀ ਸਵਾਦ ਲੱਗਦੀ ਹੈ, ਇਸਨੂੰ ਗਰਮ ਨਹੀਂ ਕੀਤਾ ਜਾਂਦਾ।
ਇਸਤੋਂ ਇਲਾਵਾ ਬਹੁਤ ਸਾਰੇ ਲੋਕ ਇਸ ਦਿਨ ਖੀਰ ਜਾਂ ਸਾਗ ਬਣਾਉਂਦੇ ਹਨ । ਖੀਰ ਬਣਾਉਣ ਲਈ ਗੰਨੇ ਦੇ ਰਸ ਦੀ ਵਰਤੋਂ ਕੀਤੀ ਜਾਂਦੀ ਹੈ। ਸਿੱਖਾਂ ਲਈ, ਮਾਘੀ ਦਾ ਅਰਥ ਮੁੱਖ ਤੌਰ ‘ਤੇ ਪੰਜਾਬ ਦੇ ਇੱਕ ਜ਼ਿਲ੍ਹਾ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਵਿੱਚ ਇੱਕ ਤਿਉਹਾਰ ਹੈ, ਜੋ ਚਾਲੀ ਮੁਕਤੇ ਦੀ ਬਹਾਦਰੀ ਦੀ ਲੜਾਈ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਮੁਕਤਸਰ ਸਾਹਿਬ ਦਾ ਮਾਘੀ ਦਾ ਮੇਲਾ ਬਹੁਤ ਮਸ਼ਹੂਰ ਹੈ।












