November 8, 2026, 8:14 am
----------- Advertisement -----------
HomeNewsBreaking Newsਰੱਖੜੀ ਦੇ ਤਿਉਹਾਰ ਨੇ ਪੰਜਾਬ ਦੇ ਨਸ਼ਾ ਮੁਕਤੀ ਕੇਂਦਰਾਂ ਵਿੱਚ ਪਰਿਵਾਰਾਂ ਨੂੰ...

ਰੱਖੜੀ ਦੇ ਤਿਉਹਾਰ ਨੇ ਪੰਜਾਬ ਦੇ ਨਸ਼ਾ ਮੁਕਤੀ ਕੇਂਦਰਾਂ ਵਿੱਚ ਪਰਿਵਾਰਾਂ ਨੂੰ ਜੋੜਿਆ, ਨਸ਼ਾ ਮੁਕਤੀ ਅਤੇ ਉਮੀਦ ਦਾ ਸੰਦੇਸ਼ ਕੀਤਾ ਮਜ਼ਬੂਤ

Published on

----------- Advertisement -----------

ਚੰਡੀਗੜ੍ਹ, 29 ਅਗਸਤ 2026:ਸ਼ੁੱਕਰਵਾਰ ਨੂੰ ਪੰਜਾਬ ਦੇ ਵੱਖ-ਵੱਖ ਸਰਕਾਰੀ ਨਸ਼ਾ ਮੁਕਤੀ ਅਤੇ ਰੀਹੈਬਲੀਟੇਸ਼ਨ ਕੇਂਦਰਾਂ ਵਿੱਚ ਰੱਖੜੀ ਮਨਾਈ ਗਈ, ਜਿੱਥੇ ਪਰਿਵਾਰਾਂ ਨੇ ਆਪਣੇ ਉਨ੍ਹਾਂ ਪਿਆਰਿਆਂ ਨਾਲ ਸਮਾਂ ਬਿਤਾਇਆ ਜੋ ਨਸ਼ੇ ਦੀ ਸਮੱਸਿਆ ਤੋਂ ਉਭਰਨ ਲਈ ਇਲਾਜ ਕਰਵਾ ਰਹੇ ਹਨ।

ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਆਯੋਜਿਤ ਇਨ੍ਹਾਂ ਸਮਾਗਮਾਂ ਨੇ ਭੈਣ-ਭਰਾ ਦੇ ਪਿਆਰ ਅਤੇ ਸਹਿਯੋਗ ਦੇ ਸੰਦੇਸ਼ ਨੂੰ ਮਜ਼ਬੂਤ ਕੀਤਾ। ਨਾਲ ਹੀ, ਇਲਾਜ ਕਰਵਾ ਰਹੇ ਲੋਕਾਂ ਨੂੰ ਨਸ਼ਾ ਮੁਕਤੀ ਪ੍ਰਤੀ ਵਚਨਬੱਧ ਰਹਿਣ, ਆਪਣੇ ਪਿਆਰਿਆਂ ਕੋਲ ਪਰਤਣ ਅਤੇ ਇੱਕ ਸਿਹਤਮੰਦ ਤੇ ਸੰਤੁਸ਼ਟ ਜੀਵਨ ਜਿਉਣ ਲਈ ਉਤਸ਼ਾਹਿਤ ਕੀਤਾ ਗਿਆ।

ਪਰਿਵਾਰਾਂ ਦੇ ਨਾਲ-ਨਾਲ, ਵੱਖ-ਵੱਖ ਗੈਰ-ਸਰਕਾਰੀ ਸੰਗਠਨਾਂ (ਐੱਨ.ਜੀ.ਓ.) ਅਤੇ ਪੰਜਾਬ ਦੇ ਸੂਰਮਿਆਂ, ਪੀਅਰ ਅੰਬੈਸਡਰਾਂ (ਜਿਨ੍ਹਾਂ ਨੇ ਖ਼ੁਦ ਨਸ਼ੇ ਦੀ ਲਤ ਤੋਂ ਬਾਹਰ ਨਿਕਲ ਕੇ ਨਸ਼ਾ ਮੁਕਤ ਜੀਵਨ ਅਪਣਾਇਆ ਹੈ ਅਤੇ ਹੁਣ ਇਸੇ ਰਾਹ ’ਤੇ ਅੱਗੇ ਵਧ ਰਹੇ ਹੋਰ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ) ਨੇ ਵੀ ਇਨ੍ਹਾਂ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਅਤੇ ਮਰੀਜ਼ਾਂ ਨੂੰ ਹੌਂਸਲਾ ਦਿੱਤਾ।

ਗੁਰਦਾਸਪੁਰ ਸਥਿਤ ਜ਼ਿਲ੍ਹਾ ਨਸ਼ਾ ਮੁਕਤੀ ਅਤੇ ਰੀਹੈਬਲੀਟੇਸ਼ਨ ਕੇਂਦਰ ਵਿੱਚ ਸੂਰਮਾ ਪੰਕਜ ਮਹਾਜਨ, ਜੋ ਖ਼ੁਦ ਨਸ਼ੇ ਦੀ ਲਤ ਤੋਂ ਬਾਹਰ ਆਉਣ ਦੇ ਰਾਹ ’ਤੇ ਚੱਲ ਚੁੱਕੇ ਹਨ, ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਆਪਣਾ ਨਿੱਜੀ ਸਫ਼ਰ ਸਾਂਝਾ ਕਰਦਿਆਂ ਇਲਾਜ ਕਰਵਾ ਰਹੇ ਮਰੀਜ਼ਾਂ ਦਾ ਹੌਂਸਲਾ ਵਧਾਇਆ। ਉਨ੍ਹਾਂ ਕਿਹਾ, “ਅਸੀਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਤੁਹਾਨੂੰ ਸਾਰਿਆਂ ਨੂੰ ਹੌਂਸਲਾ ਦੇਣ ਲਈ ਇੱਥੇ ਆਏ ਹਾਂ। ਸਰਕਾਰ ਤੁਹਾਡੀ ਮਦਦ ਲਈ ਬਹੁਤ ਵੱਡੀ ਭੂਮਿਕਾ ਨਿਭਾ ਰਹੀ ਹੈ ਅਤੇ ਅਸੀਂ ਵੀ ਤੁਹਾਨੂੰ ਸਹਿਯੋਗ ਤੇ ਉਤਸ਼ਾਹ ਦੇਣ ਲਈ ਇੱਥੇ ਹਾਂ। ਮੈਂ ਖ਼ੁਦ ਨਸ਼ੇ ਦੀ ਲਤ ਤੋਂ ਗੁਜ਼ਰ ਚੁੱਕਾ ਹਾਂ ਅਤੇ ਇਸ ਗੱਲ ਦੀ ਗਵਾਹੀ ਦੇ ਸਕਦਾ ਹਾਂ ਕਿ ਇਸ ਲਤ ਤੋਂ ਬਾਹਰ ਨਿਕਲਿਆ ਜਾ ਸਕਦਾ ਹੈ। ਮੈਂ ਪਿਛਲੇ 10 ਸਾਲਾਂ ਤੋਂ ਨਸ਼ਾ ਮੁਕਤ ਹਾਂ ਅਤੇ ਚਾਹੁੰਦਾ ਹਾਂ ਕਿ ਤੁਸੀਂ ਵੀ ਇਸੇ ਰਾਹ ’ਤੇ ਚੱਲੋ। ਰੱਖੜੀ ਦੇ ਮੌਕੇ ’ਤੇ, ਸਾਡੀਆਂ ਭੈਣਾਂ ਵੀ ਤੁਹਾਡੇ ਇਸ ਯਤਨ ਵਿੱਚ ਤੁਹਾਡਾ ਸਾਥ ਦੇਣ ਲਈ ਇੱਥੇ ਮੌਜੂਦ ਹਨ। ਆਓ, ਉਨ੍ਹਾਂ ਨਾਲ ਇਹ ਵਾਅਦਾ ਕਰੀਏ ਕਿ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ।”

ਵੱਖ-ਵੱਖ ਕੇਂਦਰਾਂ ਵਿੱਚ ਚਿੱਠੀ-ਲੇਖਣ ਅਤੇ ਰਚਨਾਤਮਕ ਕਲਾ ਦੀਆਂ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਗਈਆਂ। ਇਨ੍ਹਾਂ ਗਤੀਵਿਧੀਆਂ ਰਾਹੀਂ ਮਰੀਜ਼ਾਂ ਨੂੰ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ, ਪਰਿਵਾਰਾਂ ਨਾਲ ਜੁੜਨ ਅਤੇ ਆਪਣੀ ਨਸ਼ਾ ਮੁਕਤੀ ਦੀ ਯਾਤਰਾ ’ਤੇ ਆਤਮ-ਮੰਥਨ ਕਰਨ ਦਾ ਮੌਕਾ ਮਿਲਿਆ।

ਕਪੂਰਥਲਾ ਦੇ ਜ਼ਿਲ੍ਹਾ ਨਸ਼ਾ ਮੁਕਤੀ ਅਤੇ ਰੀਹੈਬਲੀਟੇਸ਼ਨ ਕੇਂਦਰ ਵਿੱਚ ਇਲਾਜ ਕਰਵਾ ਰਹੇ ਇੱਕ ਮਰੀਜ਼ ਰਾਜਵਿੰਦਰ ਸਿੰਘ (ਬਦਲਿਆ ਹੋਇਆ ਨਾਂ) ਨੇ ਚਿੱਠੀ-ਲੇਖਣ ਗਤੀਵਿਧੀ ਰਾਹੀਂ ਨਸ਼ੇ ਦੀ ਲਤ ਨਾਲ ਆਪਣੇ ਸੰਘਰਸ਼ ਦੌਰਾਨ ਮਜ਼ਬੂਤੀ ਨਾਲ ਸਾਥ ਦੇਣ ਲਈ ਆਪਣੀ ਭੈਣ ਅਤੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ। ਰਾਜਵਿੰਦਰ ਨੇ ਲਿਖਿਆ, “ਜਦੋਂ ਮੈਂ ਇੱਥੇ ਆਇਆ, ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਕਿੰਨਾ ਗਲਤ ਸੀ। ਹੁਣ ਮੈਂ ਨਸ਼ਾ ਛੱਡ ਦਿੱਤਾ ਹੈ ਅਤੇ ਆਪਣੀ ਆਮ ਜ਼ਿੰਦਗੀ ਵੱਲ ਵਾਪਸ ਆ ਗਿਆ ਹਾਂ।”

ਕਪੂਰਥਲਾ ਦੇ ਜ਼ਿਲ੍ਹਾ ਨਸ਼ਾ ਮੁਕਤੀ ਅਤੇ ਰੀਹੈਬਲੀਟੇਸ਼ਨ ਕੇਂਦਰ ਵਿੱਚ ਇਲਾਜ ਕਰਵਾ ਰਹੇ ਇੱਕ ਹੋਰ ਮਰੀਜ਼ ਨੇ ਆਪਣੀ ਭੈਣ ਨੂੰ ਚਿੱਠੀ ਲਿਖੀ। ਚਿੱਠੀ ਦੇ ਇੱਕ ਅੰਸ਼ ਵਿੱਚ ਉਸ ਨੇ ਕਿਹਾ, “ਮੇਰੀ ਪਿਆਰੀ ਭੈਣ, ਮੈਂ ਜੋ ਵੀ ਕੀਤਾ, ਉਸ ਲਈ ਮੈਨੂੰ ਬਹੁਤ ਅਫ਼ਸੋਸ ਹੈ। ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ। ਮੈਨੂੰ ਆਪਣੀਆਂ ਗ਼ਲਤੀਆਂ ਦਾ ਅਹਿਸਾਸ ਹੋ ਗਿਆ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਤੁਹਾਨੂੰ ਬਹੁਤ ਯਾਦ ਕਰਦਾ ਹਾਂ। ਮੈਂ ਇਸ ਨਰਕ ਵਰਗੇ ਰਾਹ ’ਤੇ ਦੁਬਾਰਾ ਕਦੇ ਨਹੀਂ ਚੱਲਾਂਗਾ।”

ਪੰਜਾਬ ਭਰ ਦੇ ਹੋਰ ਨਸ਼ਾ ਮੁਕਤੀ ਅਤੇ ਰੀਹੈਬਲੀਟੇਸ਼ਨ ਕੇਂਦਰਾਂ ਵਿੱਚ ਵੀ ਇਸੇ ਤਰ੍ਹਾਂ ਰੱਖੜੀ ਮਨਾਈ ਗਈ। ਕਪੂਰਥਲਾ ਅਤੇ ਐੱਸ.ਏ.ਐੱਸ. ਨਗਰ ਵਿੱਚ, ਬ੍ਰਹਮਾਕੁਮਾਰੀਜ਼ ਦੇ ਸਹਿਯੋਗ ਨਾਲ ਜ਼ਿਲ੍ਹਾ ਰੀਹੈਬਲੀਟੇਸ਼ਨ ਕੇਂਦਰਾਂ ਵਿੱਚ ਰੱਖੜੀ ਸਮਾਗਮ ਆਯੋਜਿਤ ਕੀਤੇ ਗਏ।

ਪਟਿਆਲਾ ਵਿੱਚ, ਸਰਵ ਪ੍ਰੇਮ ਫਾਊਂਡੇਸ਼ਨ ਅਤੇ ਸੂਰਮਿਆਂ ਨੇ ਮਿਲ ਕੇ ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਵਿੱਚ ਰੱਖੜੀ ਮਨਾਈ। ਸਰਵ ਪ੍ਰੇਮ ਫਾਊਂਡੇਸ਼ਨ ਦੇ ਮਾਧਿਅਮ ਨਾਲ ਭਾਈਚਾਰੇ ਦੀਆਂ ਮੁਟਿਆਰਾਂ ਨੇ ਮਰੀਜ਼ਾਂ ਲਈ ਹੱਥ ਨਾਲ ਬਣਾਈਆਂ ਰੱਖੜੀਆਂ ਅਤੇ ਉਤਸ਼ਾਹਜਨਕ ਸੰਦੇਸ਼ ਭੇਜੇ।

ਇਸ ਤੋਂ ਇਲਾਵਾ, ਬਠਿੰਡਾ, ਪਠਾਨਕੋਟ, ਨਵਾਂਸ਼ਹਿਰ, ਮਾਨਸਾ, ਫ਼ਤਿਹਗੜ੍ਹ ਸਾਹਿਬ, ਫ਼ਰੀਦਕੋਟ, ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਸਥਿਤ ਸਰਕਾਰੀ ਨਸ਼ਾ ਮੁਕਤੀ ਅਤੇ ਰੀਹੈਬਲੀਟੇਸ਼ਨ ਕੇਂਦਰਾਂ ਵਿੱਚ ਵੀ ਰੱਖੜੀ ਮਨਾਈ ਗਈ, ਜਿਸ ਵਿੱਚ ਨਸ਼ੇ ਦੀ ਲਤ ਤੋਂ ਬਾਹਰ ਆ ਰਹੇ ਲੋਕਾਂ ਦੇ ਪਰਿਵਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਰੀਹੈਬਲੀਟੇਸ਼ਨ ਦੀ ਪ੍ਰਕਿਰਿਆ ਵਿੱਚ ਪਰਿਵਾਰ ਦੀ ਭੂਮਿਕਾ ਨੂੰ ਮਾਹਿਰਾਂ ਦੁਆਰਾ ਵਿਆਪਕ ਤੌਰ ’ਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ। ਸਰਕਾਰੀ ਕੇਂਦਰਾਂ ਵਿੱਚ ਕੌਂਸਲਰ ਪਰਿਵਾਰਾਂ ਨੂੰ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦੇ ਹਨ, ਤਾਂ ਜੋ ਉਹ ਆਪਣੇ ਪਿਆਰਿਆਂ ਦੀ ਨਸ਼ਾ ਮੁਕਤੀ ਯਾਤਰਾ ਦੌਰਾਨ ਉਨ੍ਹਾਂ ਦਾ ਸਮਰਥਨ ਕਰ ਸਕਣ ਅਤੇ ਹੌਂਸਲਾ ਵਧਾ ਸਕਣ। ਰਾਜ ਦੇ ਵੱਖ-ਵੱਖ ਕੇਂਦਰਾਂ ’ਤੇ ਪਰਿਵਾਰਕ ਕੌਂਸਲਿੰਗ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ। ਰਾਜ ਵਿੱਚ ਪਾਇਲਟ ਆਧਾਰ ’ਤੇ ਚਲਾਏ ਜਾ ਰਹੇ ਕਮਿਊਨਿਟੀ ਬ੍ਰਿਜ ਮਾਡਲ (CBM) ਤਹਿਤ ਪਰਿਵਾਰਾਂ ਲਈ ਮਨੋ-ਸਿੱਖਿਆ ਸੈਸ਼ਨਾਂ ਵਿੱਚ ਭਾਗ ਲੈਣਾ ਲਾਜ਼ਮੀ ਹੈ, ਤਾਂ ਜੋ ਉਨ੍ਹਾਂ ਨੂੰ ਮਰੀਜ਼ ਦੀ ਘਰ ਵਿੱਚ ਸਿਹਤਯਾਬੀ ਦੀ ਪ੍ਰਕਿਰਿਆ ਵਿੱਚ ਪ੍ਰਭਾਵਸ਼ਾਲੀ ਸਹਿਯੋਗ ਦੇਣ ਲਈ ਜ਼ਰੂਰੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ।

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਾ ਮੁਕਤੀ ਦੀ ਪ੍ਰਕਿਰਿਆ ਵਿੱਚ ਪਰਿਵਾਰਾਂ ਦੀ ਭਾਗੀਦਾਰੀ ਨਸ਼ੇ ਦੀ ਸਮੱਸਿਆ ਵਿਰੁੱਧ ਰਾਜ ਦੀ ਲੜਾਈ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਕਿਹਾ, “ਰੱਖੜੀ ਵਰਗੇ ਤਿਉਹਾਰ ਸਾਨੂੰ ਯਾਦ ਦਿਵਾਉਂਦੇ ਹਨ ਕਿ ਨਸ਼ਾ ਮੁਕਤੀ ਇੱਕਲੇ ਵਿਅਕਤੀ ਦਾ ਸਫ਼ਰ ਨਹੀਂ ਹੈ। ਪਰਿਵਾਰ ਦਾ ਪਿਆਰ, ਉਤਸ਼ਾਹ ਅਤੇ ਵਿਸ਼ਵਾਸ ਵਿਅਕਤੀ ਨੂੰ ਜੀਵਨ ਦੇ ਸਭ ਤੋਂ ਔਖੇ ਦੌਰ ਵਿੱਚੋਂ ਬਾਹਰ ਨਿਕਲਣ ਦੀ ਸ਼ਕਤੀ ਦੇ ਸਕਦਾ ਹੈ। ਸਾਡੇ ਨਸ਼ਾ ਮੁਕਤੀ ਕੇਂਦਰ ਉਮੀਦ, ਸਨਮਾਨ ਅਤੇ ਨਸ਼ਾ ਮੁਕਤੀ ਦੇ ਕੇਂਦਰ ਬਣੇ ਰਹਿਣੇ ਚਾਹੀਦੇ ਹਨ, ਜਿੱਥੇ ਮਰੀਜ਼ਾਂ ਨੂੰ ਨਾ ਸਿਰਫ਼ ਡਾਕਟਰੀ, ਸਗੋਂ ਭਾਵਨਾਤਮਕ ਅਤੇ ਸਮਾਜਿਕ ਸਹਿਯੋਗ ਵੀ ਮਿਲੇ।”

ਇਸ ਪਹਿਲਕਦਮੀ ਦਾ ਉਦੇਸ਼ ਰੱਖੜੀ ਦੀ ਭਾਵਨਾ ਦੀ ਵਰਤੋਂ ਕਰਦਿਆਂ ਪਰਿਵਾਰਕ ਸਹਿਯੋਗ, ਨਸ਼ਾ ਮੁਕਤੀ ਨੂੰ ਜਾਰੀ ਰੱਖਣ, ਰਿਸ਼ਤਿਆਂ ਦੀ ਬਹਾਲੀ ਅਤੇ ਪੰਜਾਬ ਲਈ ਨਸ਼ਾ ਮੁਕਤ ਭਵਿੱਖ ਦੇ ਵਿਆਪਕ ਸੰਦੇਸ਼ ਨੂੰ ਮਜ਼ਬੂਤ ਕਰਨਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪਰਾਲੀ ਸਾੜਨ ਦੇ ਮਾਮਲੇ 100 ਤੋਂ ਪਾਰ, ਜ਼ਿਲ੍ਹੇ ’ਚ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ!

ਜ਼ਿਲ੍ਹੇ ’ਚ ਪਰਾਲੀ ਦੇ ਅੱਗ ਲਾਉਣ ਦੇ ਮਾਮਲਿਆਂ ਵਿੱਚ ਪਿਛਲੇ ਦੋ ਦਿਨਾਂ ਵਿੱਚ ਵੱਡਾ...

 ਭਾਜਪਾ ਇਕੱਲੀ ਚੋਣ ਲੜੇ ਜਾਂ ਸਹਿਯੋਗੀਆਂ ਨਾਲ; ‘ਆਪ’ ਆਪਣੇ ਵਿਕਾਸ ਦੇ ਰਿਕਾਰਡ ‘ਤੇ ਚੋਣ ਲੜੇਗੀ: ਬਲਤੇਜ ਪੰਨੂ

ਚੰਡੀਗੜ੍ਹ 7 ਨਵੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਰਤੀ...

ਪਰਵਿੰਦਰ ਝੋਟਾ ਦੀ ਅੰਤਿਮ ਵਿਦਾਈ,ਪਿਤਾ ਨੇ ਦੱਸਿਆ ਦੀਵਾਲੀ ਵਾਲੇ ਦਿਨ ਸਸਕਾਰ ਰੱਖਣ ਦਾ ਕਾਰਨ

ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਝੋਟਾ ਦਾ ਅੰਤਿਮ ਸੰਸਕਾਰ ਕੱਲ੍ਹ ਦੀਵਾਲੀ ਵਾਲੇ ਦਿਨ ਕੀਤਾ ਜਾਵੇਗਾ।...

ਦੀਵਾਲੀ ‘ਤੇ ਮਾਨ ਸਰਕਾਰ ਦਾ ਵੱਡਾ ਤੋਹਫਾ, 6,507 ਕੰਪਿਊਟਰ ਟੀਚਰਾਂ ਦੇ DA ‘ਚ 40% ਕੀਤਾ ਵਾਧਾ

ਪੰਜਾਬ ਸਰਕਾਰ ਨੇ 6,507 ਕੰਪਿਊਟਰ ਅਧਿਆਪਕਾਂ (PICTES) ਦੇ ਮਹਿੰਗਾਈ ਭੱਤੇ (DA) ਵਿੱਚ 40 ਫੀਸਦੀ...

 PM ਮੋਦੀ ਨੇ ਦੇਸ਼ਵਾਸੀਆਂ ਨੂੰ ਦਿੱਤੀ ਦੀਵਾਲੀ ਦੀ ਵਧਾਈ, ਕਿਹਾ- ‘ਜਵਾਨਾਂ ਨਾਲ ਮਨਾਉਣਗੇ ਤਿਉਹਾਰ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ...

ਪੰਜਾਬ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨਾਲ ਹਾਕੀ ਦੇ ਆਲਮੀ ਨਕਸ਼ੇ ’ਤੇ ਸੁਨਹਿਰੀ ਹਸਤਾਖ਼ਰ

ਮੋਹਾਲੀ, 6 ਨਵੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਵਿਸ਼ਵ ਹਾਕੀ ਦੇ ਨਕਸ਼ੇ...

ED ਦੀ 48 ਘੰਟੇ ਰੇਡ ਮਗਰੋਂ ਵੀ ਕੁਝ ਨਹੀਂ ਮਿਲਿਆ: ਹਰਪਾਲ ਚੀਮਾ

ਚੰਡੀਗੜ੍ਹ 6 ਨਵੰਬਰ:ਆਮ ਆਦਮੀ ਪਾਰਟੀ (ਆਪ ) ਪੰਜਾਬ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ...

ਪ੍ਰੇਮ ਸਿੰਘ ਚੰਦੂਮਾਜਰਾ ਦੀ ਘਰ ਵਾਪਸੀ, ਪੁੱਤ ਸਣੇ ਮੁੜ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਿਲ

ਅਕਾਲੀ ਦਲ (ਪੁਨਰ ਸੁਰਜੀਤ) ਨੂੰ ਅਲਵਿਦਾ ਕਰਨ ਵਾਲੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ...

ਬਿਕਰਮ ਮਜੀਠੀਆ ਖ਼ਿਲਾਫ਼ ਪੰਜਾਬ ਵਿਜੀਲੈਂਸ ਵੱਲੋਂ ਈਡੀ ਨੂੰ ਸ਼ਿਕਾਇਤ, ਕਰੋੜਾਂ ਦੇ ਮਨੀ ਲਾਂਡਰਿੰਗ ਮਾਮਲੇ ‘ਚ ਜਾਂਚ ਦੀ ਮੰਗ

ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ...