ਪੰਜਾਬ ਵਿੱਚ ਬਿਜਲੀ ਸੰਕਟ ਇੱਕ ਵਾਰ ਫਿਰ ਡੂੰਘਾ ਹੋ ਗਿਆ ਹੈ। ਸਥਿਤੀ ਇਹ ਹੈ ਕਿ ਕਈ ਸ਼ਹਿਰਾਂ ਵਿੱਚ 4 ਤੋਂ 6 ਘੰਟੇ ਤੱਕ ਬਿਜਲੀ ਕੱਟ ਹੈ।ਦੋ ਦਿਨ ਪਹਿਲਾਂ ਚਲਾਏ ਗਏ ਰੂਪਨਗਰ ਥਰਮਲ ਪਲਾਂਟ ਦਾ ਪੰਜਵਾਂ ਯੂਨਿਟ ਮੁੜ ਬੰਦ ਹੋ ਗਿਆ। ਇਸ ਯੂਨਿਟ ਦੇ ਬੰਦ ਹੋਣ ਕਾਰਨ 150 ਤੋਂ 160 ਮੈਗਾਵਾਟ ਬਿਜਲੀ ਦਾ ਉਤਪਾਦਨ ਘਟਿਆ ਹੈ। ਸੋਮਵਾਰ ਨੂੰ ਪਾਵਰਕਾਮ ਸੂਬੇ ‘ਚ ਕਰੀਬ 10,670 ਮੈਗਾਵਾਟ ਦੀ ਮੰਗ ਦੇ ਮੁਕਾਬਲੇ ਸਿਰਫ 9100 ਮੈਗਾਵਾਟ ਬਿਜਲੀ ਹੀ ਮੁਹੱਈਆ ਕਰਵਾ ਸਕਿਆ। ਇਸ ਕਾਰਨ ਸੂਬੇ ਵਿੱਚ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਅਣਐਲਾਨੀ ਕਟੌਤੀ ਕਰਨੀ ਪਈ। ਪਾਵਰਕੌਮ ਦੇ ਸਾਹਮਣੇ ਅਗਲੇ ਕੁਝ ਦਿਨਾਂ ਤੱਕ ਬਿਜਲੀ ਦਾ ਸੰਕਟ ਖੜ੍ਹਾ ਹੈ।
ਪਾਵਰਕੌਮ ਨੂੰ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਚਾਰ ਤੋਂ ਛੇ ਘੰਟੇ ਦੇ ਅਣਐਲਾਨੇ ਬਿਜਲੀ ਕੱਟ ਲਾਉਣੇ ਪਏ। ਜਲੰਧਰ, ਲੁਧਿਆਣਾ, ਮੁਕਤਸਰ, ਬਰਨਾਲਾ, ਫਾਜ਼ਿਲਕਾ, ਬਟਾਲਾ, ਮਾਨਸਾ, ਮੰਡੀ ਗੋਬਿੰਦਗੜ੍ਹ, ਸੁਨਾਮ ਆਦਿ ਖੇਤਰਾਂ ਵਿੱਚ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਪੰਜਾਬ ‘ਚ ਪੈ ਰਹੀ ਕਹਿਰ ਦੀ ਗਰਮੀ ‘ਚ ਬਿਜਲੀ ਦੇ ਕੱਟਾਂ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ।












