ਦਿੱਲੀ ਵਿੱਚ ਵਿਵਾਦਿਤ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਅੰਤਿਮ ਸਸਕਾਰ ਵਿੱਚ ਕੁਝ ਭਾਰਤੀ ਜਨਤਾ ਪਾਰਟੀ (BJP) ਆਗੂਆਂ ਦੇ ਸ਼ਾਮਲ ਹੋਣ ਤੋਂ ਬਾਅਦ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਭਾਜਪਾ ਆਗੂਆਂ ਦੇ ਇਸ ਕਦਮ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਦੋਸ਼ ਲਾਉਂਦਿਆਂ ਆਮ ਆਦਮੀ ਪਾਰਟੀ (AAP) ਦੀ ਸਥਾਨਕ ਲੀਡਰਸ਼ਿਪ ਵੱਲੋਂ ਅੱਜ ਲੁਧਿਆਣਾ ਦੀ ਦਾਣਾ ਮੰਡੀ ਸਥਿਤ ਭਾਜਪਾ ਦਫ਼ਤਰ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।
‘ਆਪ’ ਦੇ 70-80 ਦੇ ਲਗਭਗ ਆਗੂ ਅਤੇ ਸਮਰਥਕ ਭਾਜਪਾ ਦਫ਼ਤਰ ਦੇ ਬਾਹਰ ਇਕੱਠੇ ਹੋਏ ਅਤੇ ਭਾਜਪਾ ਲੀਡਰਸ਼ਿਪ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਮੌਕੇ ’ਤੇ ਤਾਇਨਾਤ ਪੁਲੀਸ ਨੇ ਬੈਰੀਕੇਡਿੰਗ ਕੀਤੀ ਹੋਈ ਸੀ, ਪਰ ਪ੍ਰਦਰਸ਼ਨਕਾਰੀਆਂ ਨੇ ਭਾਜਪਾ ਦਫ਼ਤਰ ਵੱਲ ਵਧਣ ਲਈ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਜ਼ਿਲ੍ਹਾ ਲੀਡਰਸ਼ਿਪ ਵੱਲੋਂ ਲੁਧਿਆਣਾ ਦੇ ਸਾਰੇ ਵਿਧਾਇਕਾਂ ਦੀ ਸ਼ਮੂਲੀਅਤ ਦਾ ਐਲਾਨ ਕੀਤਾ ਗਿਆ ਸੀ, ਪਰ ਪ੍ਰਦਰਸ਼ਨ ਦੌਰਾਨ ਸਿਰਫ਼ ਪੱਪੀ ਪਰਾਸ਼ਰ ਅਤੇ ਦਲਜੀਤ ਸਿੰਘ ਭੋਲਾ ਗਰੇਵਾਲ ਹੀ ਪਹੁੰਚੇ, ਜਦੋਂ ਕਿ ਬਾਕੀ ਵਿਧਾਇਕ ਸ਼ਾਮਲ ਨਹੀਂ ਹੋ ਸਕੇ।
ਪ੍ਰਦਰਸ਼ਨਕਾਰੀ ਭਾਜਪਾ ਆਗੂ ਰਾਮਵੀਰ ਬਿਧੂੜੀ, ਯੋਗੇਂਦਰ ਚੰਦੋਲੀਆ ਅਤੇ ਕਮਲਜੀਤ ਸਹਿਰਾਵਤ ਵੱਲੋਂ ਦਿੱਲੀ ਵਿੱਚ ਸੱਜਣ ਕੁਮਾਰ ਦੇ ਸਸਕਾਰ ’ਚ ਹਾਜ਼ਰੀ ਭਰਨ ਦਾ ਵਿਰੋਧ ਕਰ ਰਹੇ ਸਨ। ‘ਆਪ’ ਆਗੂਆਂ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਵਿੱਚ ਸੱਜਣ ਕੁਮਾਰ ਦੀ ਮੁੱਖ ਭੂਮਿਕਾ ਰਹੀ ਸੀ ਅਤੇ ਉਸ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋ ਕੇ ਭਾਜਪਾ ਆਗੂਆਂ ਨੇ ਪੰਜਾਬੀਆਂ ਅਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ।- ਸ਼ਿਵਾਨੀ ਭਾਕੂ
ਬਠਿੰਡਾ ’ਚ ‘ਆਪ’ ਦਾ ਜ਼ੋਰਦਾਰ ਪ੍ਰਦਰਸ਼ਨ
ਦਿੱਲੀ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਘਰ ਹਾਜ਼ਰੀ ਭਰਨ ਵਾਲੇ ਭਾਰਤੀ ਜਨਤਾ ਪਾਰਟੀ (BJP) ਦੇ 3 ਮੈਂਬਰ ਪਾਰਲੀਮੈਂਟ (MPs) ਦੇ ਖ਼ਿਲਾਫ਼ ਆਮ ਆਦਮੀ ਪਾਰਟੀ (AAP) ਦਾ ਗੁੱਸਾ ਫੁੱਟ ਪਿਆ ਹੈ। ਬਠਿੰਡਾ, ਮਾਨਸਾ ਅਤੇ ਮੁਕਤਸਰ ਜ਼ਿਲ੍ਹਿਆਂ ਤੋਂ ਆਏ ‘ਆਪ’ ਕਰਮਚਾਰੀਆਂ ਨੇ ਮੰਗਲਵਾਰ ਨੂੰ ਬਠਿੰਡਾ ਸਥਿਤ ਭਾਜਪਾ ਦਫ਼ਤਰ ਦੇ ਬਾਹਰ ਪੁਲੀਸ ਬੈਰੀਕੇਡ ਤੋੜ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਇਲਾਕੇ ਵਿੱਚ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ ਸੀ, ਜਦੋਂਕਿ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡਿੰਗ ਵੀ ਤੋੜ ਦਿੱਤੀ।












