ਅਮਰੀਕੀ ਪੁਲਾੜ ਏਜੰਸੀ ‘ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ’ (ਨਾਸਾ) ਇਸ ਹਫਤੇ ਦੇ ਅੰਤ ‘ਚ ਫੈਸਲਾ ਕਰੇਗੀ ਕਿ ਕੀ ਬੋਇੰਗ ਦਾ ਨਵਾਂ ਕੈਪਸੂਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ਤੋਂ ਸੁਨੀਤਾ ਵਿਲੀਅਮਸ ਸਮੇਤ ਦੋ ਪੁਲਾੜ ਯਾਤਰੀਆਂ ਦੀ ਵਾਪਸੀ ਲਈ ਸੁਰੱਖਿਅਤ ਹੈ ਜਾਂ ਨਹੀਂ। ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਅਤੇ ਹੋਰ ਉੱਚ ਅਧਿਕਾਰੀਆਂ ਦੇ ਸਨਿਚਰਵਾਰ ਨੂੰ ਮਿਲਣ ਦੀ ਉਮੀਦ ਹੈ, ਜਿਸ ਤੋਂ ਬਾਅਦ ਐਲਾਨ ਹੋਣ ਦੀ ਉਮੀਦ ਹੈ। ਪੁਲਾੜ ਮੁਸਾਫ਼ਰ ਸੁਨੀਤਾ ਵਿਲੀਅਮਜ਼ ਅਤੇ ਬਚ ਵਿਲਮੋਰ ਨੇ 5 ਜੂਨ ਨੂੰ ਬੋਇੰਗ ਦੇ ਸਟਾਰਲਾਈਨਰ ’ਤੇ ਸਵਾਰ ਹੋ ਕੇ ਪੁਲਾੜ ਵਿਚ ਉਡਾਣ ਭਰੀ ਸੀ। ਇਸ ਟੈਸਟ ਫਲਾਈਟ ਦੌਰਾਨ ਥ੍ਰੈਸਟਰ ਖਰਾਬ ਹੋ ਗਿਆ ਅਤੇ ‘ਹੀਲੀਅਮ’ ਲੀਕ ਹੋਣ ਕਾਰਨ ਨਾਸਾ ਨੇ ਕੈਪਸੂਲ ਨੂੰ ਸਟੇਸ਼ਨ ’ਤੇ ਹੀ ਰੱਖਿਆ ਅਤੇ ਇੰਜੀਨੀਅਰ ਇਸ ਗੱਲ ’ਤੇ ਵਿਚਾਰ ਕਰ ਰਹੇ ਹਨ ਕਿ ਅੱਗੇ ਕੀ ਕਰਨਾ ਹੈ।
ਸਪੇਸਐਕਸ ਪੁਲਾੜ ਮੁਸਾਫ਼ਰਾਂ ਨੂੰ ਵਾਪਸ ਲਿਆ ਸਕਦਾ ਹੈ, ਪਰ ਇਸ ਲਈ ਉਨ੍ਹਾਂ ਨੂੰ ਅਗਲੇ ਫ਼ਰਵਰੀ ਤਕ ਉੱਥੇ ਰਹਿਣਾ ਪਵੇਗਾ। ਉਨ੍ਹਾਂ ਨੂੰ ਸਟੇਸ਼ਨ ’ਤੇ ਪਹੁੰਚਣ ਤੋਂ ਇਕ ਜਾਂ ਦੋ ਹਫ਼ਤੇ ਬਾਅਦ ਵਾਪਸ ਆਉਣਾ ਸੀ। ਜੇਕਰ ਨਾਸਾ ਇਹ ਫੈਸਲਾ ਕਰਦਾ ਹੈ ਕਿ ‘ਸਪੇਸਐਕਸ‘ ਤੋਂ ਪੁਲਾੜ ਮੁਸਾਫ਼ਰਾਂ ਦੀ ਵਾਪਸੀ ਸਹੀ ਤਰੀਕਾ ਹੈ ਤਾਂ ਸਟਾਰਲਾਈਨਰ ਸਤੰਬਰ ’ਚ ਖਾਲੀ ਧਰਤੀ ’ਤੇ ਵਾਪਸ ਆ ਜਾਵੇਗਾ। ਨਾਸਾ ਨੇ ਕਿਹਾ ਕਿ ਇੰਜੀਨੀਅਰ ਸਟਾਰਲਾਈਨਰ ਥ੍ਰੈਸਟਰ ਲਈ ਇਕ ਨਵੇਂ ਕੰਪਿਊਟਰ ਮਾਡਲ ਦਾ ਮੁਲਾਂਕਣ ਕਰ ਰਹੇ ਹਨ। ਨਾਸਾ ਨੇ ਕਿਹਾ ਕਿ ਅੰਤਿਮ ਫੈਸਲਾ ਲੈਂਦੇ ਸਮੇਂ ਹਰ ਤਰ੍ਹਾਂ ਦੇ ਖਤਰੇ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ।