ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਾਂਗਰਸ ਸਰਕਾਰ ਵੱਲੋਂ ਹਰਿਮੰਦਰ ਸਾਹਿਬ ਨੂੰ ਜਾਂਦੀ ਵਿਰਾਸਤੀ ਸੜਕ ’ਤੇ ਚੱਲ ਰਹੇ ਇਸ਼ਤਿਹਾਰਾਂ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਰੂਟ ’ਤੇ ਇਸ਼ਤਿਹਾਰਬਾਜ਼ੀ ਬੰਦ ਕਰਕੇ ਸੰਗਤ ਲਈ ਕੇਵਲ ਕੀਰਤਨ ਚਲਾਇਆ ਜਾਵੇ। ਉਨ੍ਹਾਂ ਇਹ ਇਤਰਾਜ਼ ਆਪਣੇ ਪ੍ਰਧਾਨ ਬਣਨ ਤੋਂ ਬਾਅਦ ਮੈਂਬਰਾਂ ਨਾਲ ਕੀਤੀ ਪਹਿਲੀ ਮੀਟਿੰਗ ਵਿੱਚ ਉਠਾਇਆ ਸੀ।
ਐਚ.ਐਸ.ਧਾਮੀ ਨੂੰ ਇਤਰਾਜ਼ ਹੈ ਕਿ ਅਕਾਲੀ ਸਰਕਾਰ ਵੇਲੇ ਵਿਰਾਸਤ ਮਾਰਗ ‘ਤੇ ਸਕਰੀਨ ‘ਤੇ ਕੀਰਤਨ ਚਲਦਾ ਸੀ। ਪਰ ਹੁਣ ਉਸ ਸਕਰੀਨ ‘ਤੇ ਸਿਰਫ਼ ਪੰਜਾਬ ਸਰਕਾਰ ਦੇ ਇਸ਼ਤਿਹਾਰ ਹੀ ਚੱਲ ਰਹੇ ਹਨ। ਇਨ੍ਹਾਂ ਇਸ਼ਤਿਹਾਰਾਂ ਨੇ ਲੋਕਾਂ ਦੇ ਵਿਸ਼ਵਾਸ ਨੂੰ ਵੀ ਠੇਸ ਪਹੁੰਚਾਈ ਹੈ। ਅਜਿਹੇ ‘ਚ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ ‘ਤੇ ਇਸ਼ਤਿਹਾਰਾਂ ਦੀ ਬਜਾਏ ਪਹਿਲਾਂ ਵਾਂਗ ਹੀ ਕੀਰਤਨ ਲਗਾਇਆ ਜਾਵੇ, ਤਾਂ ਜੋ ਇੱਥੇ ਆਉਣ ਵਾਲੇ ਲੋਕ ਦਰਬਾਰ ਸਾਹਿਬ ‘ਚ ਹੋਣ ਵਾਲੇ ਕੀਰਤਨ ਦਾ ਆਨੰਦ ਲੈ ਸਕਣ |