BCCI ਨੇ ਪੈਰਿਸ ਓਲੰਪਿਕ ਲਈ ਭਾਰਤੀ ਓਲੰਪਿਕ ਸੰਘ (IOA) ਨੂੰ 8.5 ਕਰੋੜ ਰੁਪਏ ਦੇ ਯੋਗਦਾਨ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਐਤਵਾਰ ਨੂੰ ਐਕਸ ਪੋਸਟ ਰਾਹੀਂ ਲਿਖਿਆ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਬੀਸੀਸੀਆਈ ਪੈਰਿਸ ਓਲੰਪਿਕ-2024 ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਸਾਡੇ ਸਰਵੋਤਮ ਅਥਲੀਟਾਂ ਦਾ ਸਮਰਥਨ ਕਰੇਗਾ। ਅਸੀਂ ਇਸ ਮੁਹਿੰਮ (ਓਲੰਪਿਕ) ਲਈ IOA ਨੂੰ 8.5 ਕਰੋੜ ਰੁਪਏ ਦੇ ਰਹੇ ਹਾਂ।
ਟੀਮ ਇੰਡੀਆ ਨੂੰ ਕੁਝ ਦਿਨ ਪਹਿਲਾਂ ਟੀ-20 ਵਿਸ਼ਵ ਕੱਪ ਜਿੱਤਣ ਲਈ 125 ਕਰੋੜ ਰੁਪਏ ਦਾ ਇਨਾਮ ਦਿੱਤਾ ਗਿਆ ਸੀ। ਇਸ ਰਕਮ ਤੋਂ 15 ਖਿਡਾਰੀਆਂ ਅਤੇ ਸਾਬਕਾ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ 5-5 ਕਰੋੜ ਰੁਪਏ ਮਿਲੇ ਹਨ। ਹਾਲਾਂਕਿ, ਬਾਅਦ ਵਿੱਚ ਦ੍ਰਾਵਿੜ ਨੇ ਬਾਕੀ ਕੋਚਿੰਗ ਸਟਾਫ ਦੇ ਬਰਾਬਰ ਸਿਰਫ 2.5 ਕਰੋੜ ਰੁਪਏ ਲਏ।
ਪੈਰਿਸ ਓਲੰਪਿਕ 26 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। ਇਸ ਵਿੱਚ ਭਾਰਤ ਦੇ 117 ਖਿਡਾਰੀ ਹਿੱਸਾ ਲੈਣਗੇ। ਇਨ੍ਹਾਂ ਖਿਡਾਰੀਆਂ ਤੋਂ ਇਲਾਵਾ ਖੇਡ ਮੰਤਰਾਲੇ ਨੇ ਸਪੋਰਟ ਸਟਾਫ ਦੇ 140 ਮੈਂਬਰਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ।
ਭਾਰਤੀ ਟੀਮ ਵਿੱਚ ਸਭ ਤੋਂ ਵੱਧ ਖਿਡਾਰੀ 29 ਐਥਲੈਟਿਕਸ ਦੇ ਹਨ, ਜਿਨ੍ਹਾਂ ਵਿੱਚ 11 ਔਰਤਾਂ ਅਤੇ 18 ਪੁਰਸ਼ ਸ਼ਾਮਲ ਹਨ। ਅਥਲੈਟਿਕਸ ਤੋਂ ਬਾਅਦ ਸ਼ੂਟਿੰਗ ਵਿੱਚ 21 ਅਤੇ ਹਾਕੀ ਵਿੱਚ 19 ਖਿਡਾਰੀ ਹਨ। ਭਾਰਤ ਦੇ 8 ਖਿਡਾਰੀ ਟੇਬਲ ਟੈਨਿਸ ‘ਚ ਹਿੱਸਾ ਲੈਣਗੇ ਜਦਕਿ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਸਮੇਤ 7 ਖਿਡਾਰੀ ਬੈਡਮਿੰਟਨ ‘ਚ ਹਿੱਸਾ ਲੈਣਗੇ। 6-6 ਖਿਡਾਰੀ ਕੁਸ਼ਤੀ, ਤੀਰਅੰਦਾਜ਼ੀ ਅਤੇ ਮੁੱਕੇਬਾਜ਼ੀ ਵਿੱਚ ਭਾਗ ਲੈਣਗੇ। ਇਸ ਤੋਂ ਬਾਅਦ 4 ਖਿਡਾਰੀ ਗੋਲਫ, 3 ਟੈਨਿਸ, 2 ਤੈਰਾਕੀ ਅਤੇ 2 ਸੈਲਿੰਗ ਵਿੱਚ ਹਿੱਸਾ ਲੈਣਗੇ। ਘੋੜ ਸਵਾਰੀ, ਜੂਡੋ, ਰੋਇੰਗ ਅਤੇ ਵੇਟਲਿਫਟਿੰਗ ਵਿੱਚ ਇੱਕ-ਇੱਕ ਖਿਡਾਰੀ ਹਿੱਸਾ ਲਵੇਗਾ।