ਪੁਰਤਗਾਲ ਦੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਦੀ ਬੁਗਾਟੀ ਵੇਰੋਨ ਕਾਰ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਦੋਂ ਕਾਰ ਹਾਦਸੇ ਦਾ ਸ਼ਿਕਾਰ ਹੋਈ ਤਾਂ ਰੋਨਾਲਡੋ ਕਾਰ ਵਿੱਚ ਨਹੀਂ ਸੀ।
ਰਿਪੋਰਟ ਮੁਤਾਬਕ ਇਹ ਕਾਰ ਸੋਮਵਾਰ ਸਵੇਰੇ ਸਪੇਨ ਦੇ ਸ਼ਹਿਰ ਮੇਜੋਰਕਾ ‘ਚ ਇਕ ਘਰ ਦੇ ਐਂਟਰੀ ਗੇਟ ਦੇ ਸਾਹਮਣੇ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਨੂੰ ਰੋਨਾਲਡੋ ਦਾ ਇਕ ਸਟਾਫ ਚਲਾ ਰਿਹਾ ਸੀ ਜਿਸ ਨੇ ਕੰਟਰੋਲ ਗੁਆ ਦਿੱਤਾ। ਹਾਲਾਂਕਿ ਸਟਾਫ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਕਾਰ ਦੀ ਕੀਮਤ 17 ਕਰੋੜ ਰੁਪਏ ਦੱਸੀ ਜਾ ਰਹੀ ਹੈ। ਮੌਕੇ ‘ਤੇ ਮੌਜੂਦ ਸਥਾਨਕ ਪੁਲਿਸ ਅਤੇ ਸਿਵਲ ਗਾਰਡ ਦੇ ਅਧਿਕਾਰੀ ਵੀ ਸਨ। ਉਨ੍ਹਾਂ ਦੱਸਿਆ ਕਿ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਦੁਨੀਆ ਦੇ ਸਭ ਤੋਂ ਅਮੀਰ ਐਥਲੀਟਾਂ ਵਿੱਚੋਂ ਇੱਕ ਰੋਨਾਲਡੋ ਕੋਲ ਕਈ ਲਗਜ਼ਰੀ ਕਾਰਾਂ ਹਨ।
ਦੱਸ ਦਈਏ ਕਿ ਜੌਰਜੀਨਾ ਰੋਡਰਿਗਜ਼ ਅਤੇ ਰੋਨਾਲਡੋ ਦੀ ਇੱਕ ਧੀ ਹੈ ਜਿਸਦਾ ਨਾਮ ਅਲਾਨਾ ਮਾਰਟੀਨਾ ਹੈ। ਉਸਦਾ ਜਨਮ ਨਵੰਬਰ 2017 ਵਿੱਚ ਹੋਇਆ ਸੀ। ਇਸ ਤੋਂ ਇਲਾਵਾ ਰੋਨਾਲਡੋ ਜੁੜਵਾਂ ਬੱਚਿਆਂ ਈਵਾ ਅਤੇ ਮਾਟੇਓ ਦੇ ਪਿਤਾ ਵੀ ਹਨ, ਜਿਨ੍ਹਾਂ ਦਾ ਜਨਮ ਜੂਨ 2017 ਵਿੱਚ ਸਰੋਗੇਟ ਰਾਹੀਂ ਹੋਇਆ ਸੀ।











