ਭਾਰਤ ਤੇ ਪਾਕਿਸਤਾਨ ਲੰਬੇ ਸਮੇਂ ਮਗਰੋਂ ਆਹਮੋ-ਸਾਹਮਣੇ ਹੋਣਗੇ। ਅਗਲੇ ਸਾਲ 4 ਮਾਰਚ ਨੂੰ ਨਿਊਜ਼ੀਲੈਂਡ ’ਚ ਸ਼ੁਰੂ ਹੋਣ ਵਾਲੇ ਮਹਿਲਾ ਵਨ-ਡੇ ਵਿਸ਼ਵ ਕੱਪ ’ਚ ਆਪਣਾ ਪਹਿਲਾ ਮੈਚ ਕੱਟੜ ਵਿਰੋਧੀ ਪਾਕਿਸਤਾਨ ਨਾਲ ਖੇਲੇਗਾ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ। ਟੂਰਨਾਮੈਂਟ ਦਾ ਉਦਘਾਟਨੀ ਮੈਚ ਮੇਜ਼ਬਾਨ ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਦੇ ਵਿਚਾਲੇ ਖੇਡਿਆ ਜਾਵੇਗਾ, ਜਿਸ ਤੋਂ ਬਾਅਦ ਦੋ ਮਹੱਤਵਪੂਰਨ ਮੁਕਾਬਲੇ ਹੋਣੇਗੇ।ਇਸ ਮੈਚ ’ਚ ਕੱਟੜ ਵਿਰੋਧੀ ਟੀਮ ਆਹਮੋ-ਸਾਹਮਣੇ ਹੋਣਗੀਆਂ। ਆਸਟ੍ਰੇਲੀਆ 5 ਮਾਰਚ ਨੂੰ ਹੈਮਿਲਟਨ ’ਚ ਮੌਜੂਦਾ ਚੈਂਪੀਅਨ ਇੰਗਲੈਂਡ ਨਾਲ ਭਿੜੇਗਾ ਜਦਕਿ ਭਾਰਤ 6 ਮਾਰਚ ਨੂੰ ਟੌਰੰਗਾ ’ਚ ਪਾਕਿਸਤਾਨ ਨਾਲ ਭਿੜੇਗਾ।

ਇਹ ਟੂਰਨਾਮੈਂਟ 31 ਦਿਨਾਂ ਤੱਕ ਚੱਲੇਗਾ ਜਿਸ ’ਚ ਕੁੱਲ 31 ਮੈਚ ਖੇਡੇ ਜਾਣਗੇ ਅਤੇ ਅੱਠ ਟੀਮਾਂ ਵਿਸ਼ਵ ਕੱਪ ਟਰਾਫ਼ੀ ਲਈ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ।ਟੂਰਨਾਮੈਂਟ ਦੀ ਮੇਜ਼ਬਾਨੀ ਛੇ ਸ਼ਹਿਰਾਂ ਆਕਲੈਂਡ, ਕ੍ਰਾਈਸਟਚਰਚ, ਡੁਨੇਡਿਨ, ਹੈਮਿਲਟਨ, ਟੌਰੰਗਾ ਅਤੇ ਵੈਲਿੰਗਟਨ ਦੁਆਰਾ ਕੀਤੀ ਜਾਵੇਗੀ। ਆਸਟ੍ਰੇਲੀਆ, ਇੰਗਲੈਂਡ, ਦੱਖਣੀ ਅਫ਼ਰੀਕਾ ਅਤੇ ਭਾਰਤ ਨੇ ਆਈ.ਸੀ.ਸੀ ਮਹਿਲਾ ਚੈਂਪੀਅਨਸ਼ਿਪ 2017-20 ’ਚ ਆਪਣੀ ਬਿਹਤਰ ਸਥਿਤੀ ਦੇ ਆਧਾਰ ‘ਤੇ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ, ਜਦੋਂ ਕਿ ਨਿਊਜ਼ੀਲੈਂਡ ਨੇ ਮੇਜ਼ਬਾਨ ਵਜੋਂ ਟੂਰਨਾਮੈਂਟ ਲਈ ਆਪਣੇ ਆਪ ਹੀ ਕੁਆਲੀਫਾਈ ਕੀਤਾ। ਕੋਵਿਡ-19 ਅਨਿਸ਼ਚਿਤਤਾਵਾਂ ਕਾਰਨ ਮਹਿਲਾ ਵਿਸ਼ਵ ਕੱਪ ਕੁਆਲੀਫਾਇਰ ਰੱਦ ਹੋਣ ਤੋਂ ਬਾਅਦ ਬੰਗਲਾਦੇਸ਼, ਪਾਕਿਸਤਾਨ ਅਤੇ ਵੈਸਟਇੰਡੀਜ਼ ਨੇ ਆਪਣੀ ਟੀਮ ਦਰਜਾਬੰਦੀ ਦੇ ਆਧਾਰ ‘ਤੇ ਆਖਰੀ ਤਿੰਨ ਸਥਾਨ ਹਾਸਲ ਕੀਤੇ। ਇਹ ਟੂਰਨਾਮੈਂਟ ਲੀਗ ਫਾਰਮੈਟ ਵਿੱਚ ਖੇਡਿਆ ਜਾਵੇਗਾ ਜਿਸ ’ਚ ਹਰ ਟੀਮ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਵੇਗੀ। ਅੰਤ ਵਿੱਚ, ਚੋਟੀ ਦੀਆਂ ਚਾਰ ਟੀਮਾਂ ਸੈਮੀਫਾਈਨਲ ’ਚ ਪ੍ਰਵੇਸ਼ ਕਰਨਗੀਆਂ।ਪਹਿਲਾ ਸੈਮੀਫਾਈਨਲ 30 ਮਾਰਚ ਨੂੰ ਵੈਲਿੰਗਟਨ ਦੇ ਬੇਸਿਨ ਰਿਜ਼ਰਵ ‘ਚ ਖੇਡਿਆ ਜਾਵੇਗਾ, ਜਦਕਿ ਕ੍ਰਾਈਸਟਚਰਚ ਦੇ ਹੇਗਲੇ ਓਵਲ ‘ਚ ਦੂਜਾ ਸੈਮੀਫਾਈਨਲ 31 ਮਾਰਚ ਨੂੰ ਅਤੇ ਫਾਈਨਲ 3 ਅਪ੍ਰੈਲ ਨੂੰ ਹੋਵੇਗਾ।