ਨਵੀਂ ਦਿੱਲੀ, 12 ਸਤੰਬਰ 2023 – ਏਸ਼ੀਆ ਕੱਪ 2023 ਦੇ ਸੁਪਰ-4 ਪੜਾਅ ਦਾ ਚੌਥਾ ਮੈਚ ਅੱਜ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 2:30 ਵਜੇ ਹੋਵੇਗਾ।
ਦੋਵੇਂ ਟੀਮਾਂ ਏਸ਼ੀਆ ਕੱਪ ਦੇ ਵਨਡੇ ਫਾਰਮੈਟ ‘ਚ 20ਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ, ਆਖਰੀ ਵਾਰ 2014 ‘ਚ ਇਨ੍ਹਾਂ ਦਾ ਸਾਹਮਣਾ ਹੋਇਆ ਸੀ।
ਸੁਪਰ-4 ਪੜਾਅ ‘ਚ ਭਾਰਤ ਦਾ ਇਹ ਦੂਜਾ ਮੈਚ ਹੈ। ਟੀਮ ਨੇ ਸੋਮਵਾਰ ਨੂੰ ਹੀ ਪਾਕਿਸਤਾਨ ਖਿਲਾਫ ਪਹਿਲਾ ਮੈਚ 228 ਦੌੜਾਂ ਨਾਲ ਜਿੱਤਿਆ ਸੀ। ਸ਼੍ਰੀਲੰਕਾ ਦੀ ਟੀਮ ਨੇ ਆਪਣੇ ਸੁਪਰ-4 ਦੇ ਪਹਿਲੇ ਮੈਚ ‘ਚ ਬੰਗਲਾਦੇਸ਼ ਨੂੰ 21 ਦੌੜਾਂ ਨਾਲ ਹਰਾਇਆ ਸੀ।
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਕੁੱਲ ਮਿਲਾ ਕੇ 165 ਵਨਡੇ ਮੈਚ ਖੇਡੇ ਗਏ ਹਨ। ਭਾਰਤ ਨੇ 96 ਮੈਚ ਜਿੱਤੇ ਅਤੇ ਸ਼੍ਰੀਲੰਕਾ ਨੇ 57 ਮੈਚ ਜਿੱਤੇ। 11 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਅਤੇ ਇੱਕ ਮੈਚ ਟਾਈ ਰਿਹਾ।