ਮੁੰਬਈ: ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖੁਸ਼ਖਬਰੀ ਹੈ। ਟੀਮ ਇੰਡੀਆ ਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ‘ਚ ਭਾਰਤ ਨੇ ਜਿੱਤ ਹਾਸਿਲ ਕੀਤੀ ਹੈ। ਵਾਨਖੇੜੇ ਸਟੇਡੀਅਮ ‘ਚ ਖੇਡੇ ਜਾ ਰਹੇ ਇਸ ਮੈਚ ‘ਚ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਸੀਰੀਜ਼ 1-0 ਨਾਲ ਜਿੱਤ ਲਈ ਹੈ। ਭਾਰਤ ਲਈ ਰਵੀਚੰਦਰਨ ਅਸ਼ਵਿਨ ਤੇ ਜਯੰਤ ਯਾਦਵ ਨੇ ਚਾਰ-ਚਾਰ ਵਿਕਟਾਂ ਲਈਆਂ ਤੇ ਮਹਿਮਾਨ ਟੀਮ ਨੂੰ ਦੂਜੀ ਪਾਰੀ ਵਿੱਚ ਵੀ ਟੀਚਾ ਹਾਸਲ ਨਹੀਂ ਕਰਨ ਦਿੱਤਾ।
ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਨਿਊਜ਼ੀਲੈਂਡ ਦੀ ਟੀਮ ਨੇ ਦੂਜੀ ਪਾਰੀ ‘ਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 140 ਦੌੜਾਂ ਬਣਾ ਲਈਆਂ ਸਨ। ਚੌਥੇ ਦਿਨ ਨਿਊਜ਼ੀਲੈਂਡ ਦੀ ਟੀਮ ਆਪਣੇ ਖਾਤੇ ਵਿੱਚ ਸਿਰਫ਼ 27 ਦੌੜਾਂ ਹੀ ਜੋੜ ਸਕੀ ਤੇ ਉਸ ਨੇ ਆਪਣੀਆਂ ਸਾਰੀਆਂ ਵਿਕਟਾਂ ਗੁਆ ਦਿੱਤੀਆਂ। ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ ਟੀਮ ਦੀ ਘਰੇਲੂ ਮੈਦਾਨ ‘ਤੇ ਇਹ ਲਗਾਤਾਰ 14ਵੀਂ ਟੈਸਟ ਸੀਰੀਜ਼ ਜਿੱਤ ਹੈ। ਇਸ ਦੇ ਨਾਲ ਹੀ ਇਹ ਟੈਸਟ ਕ੍ਰਿਕਟ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਿੱਤ ਵੀ ਹੈ। ਇਸ ਤੋਂ ਪਹਿਲਾਂ ਭਾਰਤ ਨੇ ਸਾਲ 2015 ਵਿੱਚ ਦੱਖਣੀ ਅਫਰੀਕਾ ਨੂੰ 337 ਦੌੜਾਂ ਨਾਲ ਮਾਤ ਦਿੱਤੀ ਸੀ।