ਲੰਡਨ (ਏਪੀ) : ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਦਾ ਪ੍ਰਭਾਵ ਖੇਡਾਂ ਤੇ ਵੀ ਜਾ ਰਿਹਾ ਹੈ। ਇਸ ਦੌਰਾਨ ਇੰਗਲਿਸ਼ ਪ੍ਰਰੀਮੀਅਰ ਲੀਗ ਦੌਰਾਨ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਨ ਮਾਨਚੈਸਟਰ ਯੂਨਾਈਟਿਡ ਤੇ ਬ੍ਰੇਂਟਫੋਰਡ ਵਿਚਾਲੇ ਹੋਣ ਵਾਲਾ ਮੈਚ ਮੁਲਤਵੀ ਕਰ ਦਿੱਤਾ ਗਿਆ ਹੈ। ਪਿਛਲੇ ਤਿੰਨ ਦਿਨ ਵਿਚ ਇਹ ਦੂਜਾ ਮੈਚ ਹੈ ਜੋ ਮੁਲਤਵੀ ਕੀਤਾ ਗਿਆ ਹੈ। ਐਤਵਾਰ ਤਕ 3805 ਖਿਡਾਰੀਆਂ ਤੇ ਕਲੱਬ ਸਟਾਫ ਦੀ ਜਾਂਚ ਤੋਂ ਬਾਅਦ 42 ਮਾਮਲੇ ਸਾਹਮਣੇ ਆਏ ਸਨ ਮਤਲਬ ਕਿ ਪਿਛਲੇ ਸੱਤ ਦਿਨ ਵਿਚ 12 ਮਾਮਲੇ ਹੋਰ ਵਧ ਗਏ ਹਨ। ਨਾਰਵਿਕ ‘ਤੇ ਜਿੱਤ ਤੋਂ ਬਾਅਦ ਯੂਨਾਈਟਿਡ ਦੇ ਕੁਝ ਖਿਡਾਰੀ ਤੇ ਸਟਾਫ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਪ੍ਰਰੀਮੀਅਰ ਲੀਗ ਬੋਰਡ ਨੇ ਇਸ ਕਾਰਨ ਮੰਗਲਵਾਰ ਨੂੰ ਮੈਚ ਮੁਲਤਵੀ ਕਰਨ ਦੀ ਯੂਨਾਈਟਿਡ ਦੀ ਬੇਨਤੀ ਮੰਨ ਲਈ। ਇਸ ਤੋਂ ਪਹਿਲਾਂ ਟਾਟੇਨਹਮ ਤੇ ਬ੍ਰਾਈਟਨ ਵਿਚਾਲੇ ਐਤਵਾਰ ਦਾ ਮੈਚ ਵੀ ਮੁਲਤਵੀ ਕਰ ਦਿੱਤਾ ਗਿਆ ਸੀ ਕਿਉਂਕਿ ਘੱਟੋ-ਘੱਟ ਅੱਠ ਖਿਡਾਰੀ ਪਾਜ਼ੇਟਿਵ ਪਾਏ ਗਏ ਸਨ। ਨਾਰਵਿਕ ਤੇ ਏਸਟਨ ਵਿਲਾ ਟੀਮਾਂ ਵਿਚ ਵੀ ਵਾਇਰਸ ਦੇ ਮਾਮਲੇ ਪਾਏ ਗਏ ਹਨ।