ਮੁੰਬਈ, 17 ਮਈ 2024 – ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ 67ਵੇਂ ਮੈਚ ਵਿੱਚ ਅੱਜ ਮੁੰਬਈ ਇੰਡੀਅਨਜ਼ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਇਹ ਮੈਚ ਮੁੰਬਈ ਦੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ। ਦੋਵੇਂ ਟੀਮਾਂ ਇਸ ਸੀਜ਼ਨ ‘ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੇ ਮੈਚ ‘ਚ ਲਖਨਊ ਦੀ ਟੀਮ ਨੇ ਘਰੇਲੂ ਮੈਦਾਨ ‘ਤੇ 4 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।
MI ਪਹਿਲਾਂ ਹੀ ਪਲੇਆਫ ਦੀ ਦੌੜ ਤੋਂ ਬਾਹਰ ਹੈ। ਐੱਲ.ਐੱਸ.ਜੀ. ਲਈ ਅਜੇ ਥੋੜੀ ਉਮੀਦ ਬਾਕੀ ਹੈ, ਜਿਸ ‘ਚ ਉਸ ਨੂੰ ਆਖਰੀ ਮੈਚ ‘ਚ ਜਿੱਤ ਦੇ ਨਾਲ-ਨਾਲ ਬਾਕੀਆਂ ਦੇ ਨਤੀਜਿਆਂ ‘ਤੇ ਵੀ ਨਿਰਭਰ ਰਹਿਣਾ ਹੋਵੇਗਾ। ਮੁੰਬਈ 13 ਮੈਚਾਂ ‘ਚ 4 ਜਿੱਤਾਂ ਅਤੇ 9 ਹਾਰਾਂ ਨਾਲ 8 ਅੰਕ ਹਨ। ਟੀਮ ਅੰਕ ਸੂਚੀ ‘ਚ ਸਭ ਤੋਂ ਹੇਠਲੇ 10ਵੇਂ ਸਥਾਨ ‘ਤੇ ਹੈ। ਦੂਜੇ ਪਾਸੇ ਲਖਨਊ ਦੇ 13 ਮੈਚਾਂ ਵਿੱਚ 6 ਜਿੱਤਾਂ ਅਤੇ 7 ਹਾਰਾਂ ਨਾਲ 12 ਅੰਕ ਹਨ। ਟੀਮ ਟੇਬਲ ‘ਚ 7ਵੇਂ ਨੰਬਰ ‘ਤੇ ਹੈ।
ਮੁੰਬਈ ਅਤੇ ਲਖਨਊ ਵਿਚਾਲੇ ਹੁਣ ਤੱਕ 5 IPL ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 4 ਲਖਨਊ ਨੇ ਜਿੱਤੇ ਅਤੇ ਸਿਰਫ 1 ਮੁੰਬਈ ਨੇ ਜਿੱਤਿਆ ਹੈ। ਇਸ ਦੇ ਨਾਲ ਹੀ ਵਾਨਖੇੜੇ ‘ਚ ਦੋਵੇਂ ਟੀਮਾਂ ਇਕ ਵਾਰ ਭਿੜ ਚੁੱਕੀਆਂ ਹਨ, ਜਿਸ ‘ਚ ਲਖਨਊ ਨੇ 36 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ।