- ਸੋਨਾ ਜਾਂ ਚਾਂਦੀ ਦਾ ਤਮਗਾ ਹੋਇਆ ਪੱਕਾ
ਨਵੀਂ ਦਿੱਲੀ, 7 ਅਗਸਤ 2024 – ਹਰਿਆਣਾ ਦੀ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ‘ਚ ਇਤਿਹਾਸ ਰਚ ਦਿੱਤਾ ਹੈ। ਮੰਗਲਵਾਰ ਨੂੰ ਉਸ ਨੇ 50 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ ‘ਚ ਕਿਊਬਾ ਦੀ ਪਹਿਲਵਾਨ ਗੁਜ਼ਮੈਨ ਲੋਪੇਜ਼ ਨੂੰ ਹਰਾਇਆ। ਵਿਨੇਸ਼ ਫੋਗਾਟ ਨੇ 5-0 ਨਾਲ ਗੁਜ਼ਮੈਨ ਲੋਪੇਜ਼ ਨੂੰ ਹਰਾ ਕੇ ਫਾਈਨਲ ‘ਚ ਐਂਟਰੀ ਕੀਤੀ। ਵਿਨੇਸ਼ ਫੋਗਾਟ ਓਲੰਪਿਕ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ। ਵਿਨੇਸ਼ ਅੱਜ ਰਾਤ 10 ਵਜੇ ਤੋਂ ਬਾਅਦ ਫਾਈਨਲ ਮੈਚ ਖੇਡੇਗੀ।
ਇਸ ਤੋਂ ਪਹਿਲਾਂ ਵਿਨੇਸ਼ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਵਿਸ਼ਵ ਚੈਂਪੀਅਨ ਯੂਈ ਸੁਸਾਕੀ ਨੂੰ ਆਖਰੀ 10 ਸਕਿੰਟਾਂ ਵਿੱਚ ਹਰਾਇਆ ਸੀ। ਸੁਸਾਕੀ ਦੀ ਕਿਸੇ ਅੰਤਰਰਾਸ਼ਟਰੀ ਮੈਚ ਵਿੱਚ ਇਹ ਪਹਿਲੀ ਹਾਰ ਸੀ। ਕੁਆਰਟਰ ਫਾਈਨਲ ਵਿੱਚ ਵਿਨੇਸ਼ ਨੇ ਯੂਕਰੇਨ ਦੀ ਓਕਸਾਨਾ ਨੂੰ 7-5 ਨਾਲ ਹਰਾਇਆ। ਵਿਨੇਸ਼ ਫੋਗਾਟ ਦੀ ਜਿੱਤ ਤੋਂ ਬਾਅਦ ਸਹੁਰੇ ਅਤੇ ਪੇਕੇ ਘਰ ਜਸ਼ਨ ਦਾ ਮਾਹੌਲ ਹੈ।
ਵਿਨੇਸ਼ ਦੇ ਸਹੁਰੇ ਰਾਜਪਾਲ ਰਾਠੀ ਨੇ ਕਿਹਾ ਕਿ ਨੂੰਹ ਸੋਨ ਤਗਮਾ ਜ਼ਰੂਰ ਜਿੱਤੇਗੀ। ਆਗੂ ਅਤੇ ਖਿਡਾਰੀ ਵੀ ਵਿਨੇਸ਼ ਨੂੰ ਵਧਾਈ ਦੇ ਰਹੇ ਹਨ।