- ਦੀਪਤੀ ਨੇ 400 ਮੀਟਰ ਦੌੜ ‘ਚ ਕਾਂਸੀ ਦਾ ਤਮਗਾ ਹਾਸਲ ਕੀਤਾ
ਨਵੀਂ ਦਿੱਲੀ, 4 ਸਤੰਬਰ 2024 – ਪੈਰਿਸ ਪੈਰਾਲੰਪਿਕ ਵਿੱਚ ਭਾਰਤ ਨੇ 20 ਤਗਮੇ ਜਿੱਤੇ ਹਨ। ਛੇਵੇਂ ਦਿਨ ਦੇਰ ਰਾਤ ਭਾਰਤ ਨੇ 5 ਮੈਡਲ ਹਾਸਲ ਕੀਤੇ। ਦੀਪਤੀ ਜੀਵਨਜੀ ਨੇ ਪਹਿਲਾਂ ਔਰਤਾਂ ਦੀ 400 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਫਿਰ ਪੁਰਸ਼ਾਂ ਦੇ ਐਫ-46 ਵਰਗ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਅਜੀਤ ਸਿੰਘ ਨੇ ਚਾਂਦੀ ਦਾ ਤਗ਼ਮਾ ਅਤੇ ਸੁੰਦਰ ਸਿੰਘ ਗੁਰਜਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ।
ਪੁਰਸ਼ਾਂ ਦੇ ਟੀ-42 ਵਰਗ ਦੇ ਉੱਚੀ ਛਾਲ ਮੁਕਾਬਲੇ ਵਿੱਚ ਸ਼ਰਦ ਕੁਮਾਰ ਨੇ ਚਾਂਦੀ ਦਾ ਤਗ਼ਮਾ ਅਤੇ ਮਰਿਯੱਪਨ ਥੰਗਾਵੇਲੂ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਅਮਰੀਕਾ ਦੀ ਏਜ਼ਰਾ ਫਰੈਚ ਨੇ ਉੱਚੀ ਛਾਲ ਵਿੱਚ ਅਤੇ ਕਿਊਬਾ ਦੇ ਗੁਲੇਰਮੋ ਗੋਂਜਾਲੇਜ਼ ਨੇ ਜੈਵਲਿਨ ਥਰੋਅ ਵਿੱਚ ਸੋਨ ਤਗ਼ਮਾ ਜਿੱਤਿਆ। ਭਾਰਤ ਦੇ ਸ਼ੈਲੇਸ਼ ਕੁਮਾਰ ਉੱਚੀ ਛਾਲ ਵਿੱਚ ਚੌਥੇ ਜਦਕਿ ਰਿੰਕੂ ਜੈਵਲਿਨ ਥਰੋਅ ਵਿੱਚ ਪੰਜਵੇਂ ਸਥਾਨ ’ਤੇ ਰਹੇ।
ਭਾਰਤ ਨੇ ਹੁਣ ਤੱਕ 3 ਸੋਨ, 7 ਚਾਂਦੀ ਅਤੇ 10 ਕਾਂਸੀ ਦੇ ਤਗਮੇ ਜਿੱਤੇ ਹਨ। ਦੇਸ਼ ਨੇ ਕੱਲ੍ਹ 8 ਤਗਮੇ ਜਿੱਤੇ ਸਨ, ਜਦੋਂ ਕਿ ਅੱਜ 5 ਤਗਮੇ ਜਿੱਤੇ, ਸਾਰੇ ਪੰਜ ਅਥਲੈਟਿਕਸ ਵਿੱਚ ਆਏ ਹਨ। ਭਾਰਤ ਇਸ ਸਮੇਂ 20 ਤਗਮੇ ਜਿੱਤ ਕੇ 17ਵੇਂ ਨੰਬਰ ‘ਤੇ ਹੈ। ਚੀਨ ਪਹਿਲੇ, ਬ੍ਰਿਟੇਨ ਦੂਜੇ ਅਤੇ ਅਮਰੀਕਾ ਤੀਜੇ ਨੰਬਰ ‘ਤੇ ਹੈ।
ਪੁਰਸ਼ਾਂ ਦੇ F-46 ਵਰਗ ਵਿੱਚ ਭਾਰਤ ਦੇ ਸੁੰਦਰ ਸਿੰਘ ਗੁਰਜਰ ਨੇ 68.60 ਮੀਟਰ ਜੈਵਲਿਨ ਸੁੱਟਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਉਹ 64.96 ਮੀਟਰ ਹੀ ਜੈਵਲਿਨ ਸੁੱਟ ਸਕਿਆ, ਜਿਸ ਕਾਰਨ ਉਸ ਨੂੰ ਕਾਂਸੀ ਦਾ ਤਗਮਾ ਮਿਲਿਆ। ਜਦਕਿ ਅਜੀਤ ਸਿੰਘ ਨੇ 65.62 ਮੀਟਰ ਜੈਵਲਿਨ ਸੁੱਟ ਕੇ ਚਾਂਦੀ ਦਾ ਤਗਮਾ ਜਿੱਤਿਆ।
ਕਿਊਬਾ ਦੇ ਗੁਲੇਰਮੋ ਗੋਂਜਾਲੇਜ਼ ਨੇ ਦੂਜੀ ਕੋਸ਼ਿਸ਼ ਵਿੱਚ 66.14 ਮੀਟਰ ਦਾ ਥਰੋਅ ਸੁੱਟ ਕੇ ਸੋਨ ਤਗ਼ਮਾ ਜਿੱਤਿਆ। ਭਾਰਤ ਦੇ ਰਿੰਕੂ ਆਖਰੀ ਕੋਸ਼ਿਸ਼ ਵਿੱਚ 61.58 ਮੀਟਰ ਦੀ ਸਰਵੋਤਮ ਥਰੋਅ ਨਾਲ ਪੰਜਵੇਂ ਸਥਾਨ ’ਤੇ ਰਹੇ। F-46 ਸ਼੍ਰੇਣੀ ਵਿੱਚ ਉਹ ਐਥਲੀਟ ਸ਼ਾਮਲ ਹਨ ਜਿਨ੍ਹਾਂ ਦਾ ਇੱਕ ਹੱਥ ਨਹੀਂ ਹੈ ਜਾਂ ਜਿਨ੍ਹਾਂ ਦਾ ਇੱਕ ਹੱਥ ਕੰਮ ਨਹੀਂ ਕਰ ਰਿਹਾ ਹੈ।