ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ਖੇਡਣਗੇ। ਇਸ ਤੋਂ ਪਹਿਲਾਂ ਕਈ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਰੋਹਿਤ ਲਗਾਤਾਰ ਛੇ ਮਹੀਨੇ ਕ੍ਰਿਕਟ ਖੇਡਣ ਕਾਰਨ ਸ਼੍ਰੀਲੰਕਾ ‘ਚ ਵਨਡੇ ਸੀਰੀਜ਼ ‘ਚ ਨਹੀਂ ਖੇਡਣਗੇ।
ਹਿੰਦੁਸਤਾਨ ਟਾਈਮਜ਼ ਨੇ ਆਪਣੀ ਰਿਪੋਰਟ ਵਿੱਚ ਪੁਸ਼ਟੀ ਕੀਤੀ ਹੈ ਕਿ ਰੋਹਿਤ ਸ਼ਰਮਾ ਸ਼੍ਰੀਲੰਕਾ ਵਿੱਚ ਹੋਣ ਵਾਲੀ ਵਨਡੇ ਸੀਰੀਜ਼ ਵਿੱਚ ਟੀਮ ਇੰਡੀਆ ਦੇ ਕਪਤਾਨ ਹੋਣਗੇ।
ਟੀ-20 ਸੀਰੀਜ਼ ਦਾ ਪਹਿਲਾ ਮੈਚ 27 ਜੁਲਾਈ ਨੂੰ ਸ਼ਾਮ 7 ਵਜੇ ਪੱਲੇਕੇਲੇ ‘ਚ ਖੇਡਿਆ ਜਾਵੇਗਾ। ਵਨਡੇ ਸੀਰੀਜ਼ 2 ਅਗਸਤ ਤੋਂ ਕੋਲੰਬੋ ‘ਚ ਸ਼ੁਰੂ ਹੋਵੇਗੀ। ਫਿਲਹਾਲ ਇਸ ਦੌਰੇ ਲਈ ਦੋਵਾਂ ਟੀਮਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਬੀਸੀਸੀਆਈ ਸ਼੍ਰੀਲੰਕਾ ਦੌਰੇ ਤੋਂ ਪਿਛਲੇ ਮਹੀਨੇ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਸੀਨੀਅਰ ਖਿਡਾਰੀਆਂ ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਨੂੰ ਆਰਾਮ ਦੇ ਸਕਦਾ ਹੈ।ਭਾਰਤੀ ਟੀਮ ਨੇ ਹਾਲ ਹੀ ਵਿੱਚ ਜ਼ਿੰਬਾਬਵੇ ਦੇ ਖਿਲਾਫ 5 ਟੀ-20 ਮੈਚਾਂ ਦੀ ਸੀਰੀਜ਼ ਖੇਡੀ। ਚੋਣਕਾਰਾਂ ਨੇ ਇਸ ਦੌਰੇ ਲਈ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਯੁਵਾ ਟੀਮ ਭੇਜੀ ਸੀ। ਟੀਮ ਇੰਡੀਆ ਨੇ ਸੀਰੀਜ਼ 4-1 ਨਾਲ ਜਿੱਤ ਲਈ ਹੈ।
ਗੌਤਮ ਗੰਭੀਰ 2 ਦਿਨ ਪਹਿਲਾਂ ਹੀ ਟੀਮ ਇੰਡੀਆ ਦੇ ਮੁੱਖ ਕੋਚ ਬਣੇ ਸਨ । ਭਾਰਤੀ ਕੋਚ ਵਜੋਂ ਇਹ ਗੰਭੀਰ ਦੀ ਪਹਿਲੀ ਜ਼ਿੰਮੇਵਾਰੀ ਹੋਵੇਗੀ। 42 ਸਾਲਾ ਗੰਭੀਰ ਨੇ ਦਿ ਵਾਲ ਦੇ ਨਾਂ ਨਾਲ ਮਸ਼ਹੂਰ ਰਾਹੁਲ ਦ੍ਰਾਵਿੜ ਦੀ ਜਗ੍ਹਾ ਲਈ ਹੈ। ਟੀ-20 ਵਿਸ਼ਵ ਕੱਪ ਤੋਂ ਬਾਅਦ ਦ੍ਰਾਵਿੜ ਦਾ ਕਾਰਜਕਾਲ ਖਤਮ ਹੋ ਗਿਆ। ਗੰਭੀਰ ਦਾ ਕਾਰਜਕਾਲ ਜੁਲਾਈ 2027 ਤੱਕ ਰਹੇਗਾ।












