ਟੀਮ ਇੰਡੀਆ ਦੀ ਇਤਿਹਾਸਕ ਜਿੱਤ ਹੋਈ ਹੈ। ਟੀਮ ਇੰਡੀਆ ਨੇ 8ਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਟੀਮ ਨੇ ਮੌਜੂਦਾ ਚੈਂਪੀਅਨ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ।
ਦੱਸ ਦਈਏ ਕਿ ਵਨਡੇ ਵਿੱਚ ਇਹ ਭਾਰਤ ਦੀ ਸਭ ਤੋਂ ਤੇਜ਼ ਜਿੱਤ ਹੈ। ਟੀਮ 263 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਗਈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ 2001 ‘ਚ ਕੀਨੀਆ ਨੂੰ 231 ਗੇਂਦਾਂ ਨਾਲ ਹਰਾਇਆ ਸੀ। 50 ਓਵਰਾਂ ਦੇ ਵਨਡੇ ਵਿੱਚ ਸਭ ਤੋਂ ਤੇਜ਼ ਜਿੱਤ ਦਾ ਰਿਕਾਰਡ ਸ਼੍ਰੀਲੰਕਾ ਦੇ ਨਾਮ ਹੈ। ਸ਼੍ਰੀਲੰਕਾ ਦੀ ਟੀਮ ਨੇ 2001 ਵਿੱਚ ਜ਼ਿੰਬਾਬਵੇ ਨੂੰ 274 ਗੇਂਦਾਂ ਬਾਕੀ ਰਹਿੰਦਿਆਂ ਹਰਾਇਆ ਸੀ। ਕੁੱਲ ਮਿਲਾ ਕੇ ਰਿਕਾਰਡ ਇੰਗਲੈਂਡ ਦੇ ਨਾਂ ਹੈ। 1979 ਵਿੱਚ ਇੰਗਲੈਂਡ ਦੀ ਟੀਮ ਨੇ ਕੈਨੇਡਾ ਨੂੰ 60 ਓਵਰਾਂ ਦੇ ਮੈਚ ਵਿੱਚ 277 ਗੇਂਦਾਂ ਬਾਕੀ ਰਹਿੰਦਿਆਂ ਹਰਾਇਆ ਸੀ।
ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ 15.2 ਓਵਰਾਂ ‘ਚ 50 ਦੌੜਾਂ ‘ਤੇ ਆਲ ਆਊਟ ਹੋ ਗਈ। ਜਵਾਬ ‘ਚ ਟੀਮ ਇੰਡੀਆ ਨੇ 6.1 ਓਵਰਾਂ ‘ਚ 51 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।











