ਨਵੀਂ ਦਿੱਲੀ : ਟੀਮ ਇੰਡੀਆ ‘ਚ ਰੋਹਿਤ ਅਤੇ ਵਿਰਾਟ ਵਿਚਾਲੇ ਚੱਲ ਰਹੇ ਵਿਵਾਦ ‘ਤੇ ਅਨੁਰਾਗ ਠਾਕੁਰ ਨੇ ਚੁੱਪੀ ਤੋੜੀ ਹੈ।ਸਾਬਕਾ ਕਪਤਾਨ ਤੇ ਹੈਦਰਾਬਾਦ ਕ੍ਰਿਕਟ ਸੰਘ ਦੇ ਪ੍ਰਧਾਨ ਮੁਹੰਮਦ ਅਜ਼ਹਰੂਦੀਨ ਵੱਲੋਂ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵਿਚਾਲੇ ਕਥਿਤ ਮਤਭੇਦ ਬਾਰੇ ਟਵੀਟ ਕੀਤੇ ਜਾਣ ਤੋਂ ਇਕ ਦਿਨ ਬਾਅਦ ਕੇਂਦਰੀ ਯੁਵਾ ਮਾਮਲਿਆਂ ਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵੀ ਬਿਆਨ ਦਿੱਤਾ। ਵਿਰਾਟ-ਰੋਹਿਤ ਕਥਿਤ ਵਿਵਾਦ ‘ਤੇ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਕਿਹਾ ਕਿ ਖੇਡ ਤੋਂ ਵੱਡਾ ਕੋਈ ਖਿਡਾਰੀ ਨਹੀਂ ਹੈ।

ਸਾਬਕਾ ਕਪਤਾਨ ਅਜ਼ਹਰੂਦੀਨ ਨੇ ਟਵੀਟ ਵਿਚ ਲਿਖਿਆ, “ਵਿਰਾਟ ਕੋਹਲੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਵਨਡੇ ਸੀਰੀਜ਼ ਲਈ ਉਪਲਬਧ ਨਹੀਂ ਹਨ ਤੇ ਰੋਹਿਤ ਸ਼ਰਮਾ ਆਉਣ ਵਾਲੀ ਟੈਸਟ ਸੀਰੀਜ਼ ਲਈ ਉਪਲਬਧ ਨਹੀਂ ਹਨ। ਬ੍ਰੇਕ ਲੈਣ ਵਿਚ ਕੋਈ ਹਰਜ਼ ਨਹੀਂ ਹੈ ਪਰ ਸਮਾਂ ਬਿਹਤਰ ਹੋਣਾ ਚਾਹੀਦਾ ਹੈ।ਕੇਂਦਰੀ ਖੇਡ ਮੰਤਰੀ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਾਬਕਾ ਪ੍ਰਧਾਨ ਅਨੁਰਾਗ ਠਾਕੁਰ ਨੇ ਰੋਹਿਤ-ਵਿਰਾਟ ਵਿਵਾਦ ‘ਤੇ ਕਿਹਾ, ”ਖੇਡ ਸਰਵਉੱਚ ਹੈ ਤੇ ਖੇਡ ਤੋਂ ਵੱਡਾ ਕੋਈ ਨਹੀਂ ਹੈ। ਮੈਂ ਤੁਹਾਨੂੰ ਇਹ ਜਾਣਕਾਰੀ ਨਹੀਂ ਦੇ ਸਕਦਾ ਕਿ ਕਿਹੜੇ ਖਿਡਾਰੀ ਹਨ। ਕਿਸ ਖੇਡ ਵਿਚ ਇਹ ਕੀ ਚੱਲ ਰਿਹਾ ਹੈ। ਇਹ ਸਬੰਧਤ ਐਸੋਸੀਏਸ਼ਨ ਜਾਂ ਬੋਰਡ ਦਾ ਕੰਮ ਹੈ। ਜੇਕਰ ਅਸੀਂ ਜਾਣਕਾਰੀ ਦੇਈਏ ਤਾਂ ਬਿਹਤਰ ਹੋਵੇਗਾ।”