ਪੰਜਾਬ ਦਾ ਸ਼ੇਰ ਪੁੱਤਰ ਯੁਵਰਾਜ ਸਿੰਘ ਜਿਸ ਨੇ ਕ੍ਰਿਕੇਟ ਜਗਤ ‘ਚ ਵੱਡਾ ਨਾਂਅ ਕਮਾਇਆ ਹੈ। 12 ਦਸੰਬਰ 1981 ਨੂੰ ਚੰਡੀਗੜ੍ਹ ‘ਚ ਜਨਮੇ ਯੁਵਰਾਜ ਸਿੰਘ ਅੱਜ ਯਾਨੀ 12 ਦਸੰਬਰ 2021 ਨੂੰ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਇਤਿਹਾਸ ‘ਚ ਸਭ ਤੋਂ ਤੇਜ਼ ਅਰਧ ਸੈਂਕੜੇ ਜੜੇ ਹਨ। ਸਿਕਸਰ ਕਿੰਗ ਦੇ ਨਾਂ ਨਾਲ ਮਸ਼ਹੂਰ ਯੁਵਰਾਜ ਸਿੰਘ ਲੰਬੇ ਸਮੇਂ ਤਕ ਦੇਸ਼ ਲਈ ਕ੍ਰਿਕਟ ਖੇਡ ਚੁੱਕੇ ਹਨ ਅਤੇ ਸਫਲ ਵੀ ਰਹੇ ਹਨ। ਹਾਲਾਂਕਿ ਉਹ ਕੈਂਸਰ ਕਾਰਨ ਕਈ ਸਾਲਾਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਰਹੇ ਸਨ, ਪਰ ਬਾਅਦ ‘ਚ ਉਹ ਵਾਪਸ ਆਏ ਤੇ ਦੁਬਾਰਾ ਟੀਮ ਦਾ ਹਿੱਸਾ ਬਣੇ ਸਨ।
ਤੁਹਾਨੂੰ ਦੱਸ ਦਈਏ ਕਿ ਯੁਵਰਾਜ ਸਿੰਘ 40 ਟੈਸਟ, 308 ਇੱਕ ਦਿਨਾਂ ਤੇ 58 ਟੀ-2੦ ਮੈਚ ਖੇਡ ਚੁੱਕੇ ਹਨ। ਟੈਸਟ ਕ੍ਰਿਕੇਟ ਵਿੱਚ ਯੁਵਰਾਜ ਨੇ 33.92 ਦੀ ਔਸਤ ਨਾਲ 19੦੦ ਦੌੜਾਂ ਬਣਾਈਆਂ ਹਨ, ਉੱਥੇ ਹੀ ਇੱਕ ਦਿਨਾਂ ਮੈਚ ਵਿੱਚ ਯੁਵਰਾਜ ਨੇ 8701 ਦੌੜਾਂ ਬਣਾਈਆਂ ਹਨ। ਟੀ-2੦ ਕ੍ਰਿਕੇਟ ਵਿੱਚ ਯੁਵਰਾਜ ਨੇ 1177 ਦੌੜਾਂ ਬਣਾਈਆਂ ਹਨ।ਕ੍ਰਿਕਟ ਵਿਸ਼ਵ ਕੱਪ 2011 ਦੌਰਾਨ ਯੁਵਰਾਜ ਸਿੰਘ ਨੂੰ ਇਕ ਮੈਚ ਦੌਰਾਨ ਖ਼ੂਨ ਦੀ ਉਲਟੀ ਹੁੰਦੀ ਮਿਲੀ ਸੀ। ਬਾਅਦ ‘ਚ ਪਤਾ ਲੱਗਾ ਕਿ ਉਨ੍ਹਾਂ ਨੂੰ ਕੈਂਸਰ ਹੈ ਤੇ ਇਕ ਯੋਧੇ ਦੀ ਤਰ੍ਹਾਂ ਉਨ੍ਹਾਂ ਪਹਿਲਾਂ ਦੇਸ਼ ਨੂੰ ਵਿਸ਼ਵ ਕੱਪ ਖਿਤਾਬ ਤਕ ਪਹੁੰਚਾਇਆ ਤੇ ਫਿਰ ਕੈਂਸਰ ‘ਤੇ ਵੀ ਜਿੱਤ ਦਰਜ ਕੀਤੀ। ਕੈਂਸਰ ਤੋਂ ਠੀਕ ਹੋਣ ਦੌਰਾਨ ਉਹ ਕ੍ਰਿਕਟ ਦੀ ਦੁਨੀਆ ਤੋਂ ਦੂਰ ਰਹੇ ਪਰ ਕ੍ਰਿਕਟ ਦੀ 22 ਗਜ਼ ਦੀ ਪਿੱਚ ਤੋਂ ਉਹ ਆਪਣੇ ਆਪ ਨੂੰ ਜ਼ਿਆਦਾ ਦੇਰ ਤਕ ਦੂਰ ਨਹੀਂ ਰੱਖ ਸਕੇ। ਹਾਲਾਂਕਿ ਆਪਣੇ ਕਰੀਅਰ ਦੇ ਅਖੀਰ ‘ਚ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਟੀਮ ਤੋਂ ਬਾਹਰ ਹੋਣਾ ਪਿਆ ਤੇ ਬਾਅਦ ‘ਚ ਉਨ੍ਹਾਂ ਨੇ ਸੰਨਿਆਸ ਲੈ ਲਿਆ।ਇਸ ਤੋਂ ਇਲਾਵਾ ਉਨ੍ਹਾਂ ਨੂੰ ਸਿਕਸਰ ਕਿੰਗ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।