ਚੰਡੀਗੜ੍ਹ, 8 ਦਸੰਬਰ 2021 – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬੀਆਂ ਨੂੰ ਨਿੱਤ ਕੀਤੇ ਜਾ ਰਹੇ ਨਵੇਂ ਐਲਾਨਾਂ ਅਤੇ ਦਿੱਤੀਆਂ ਜਾ ਰਹੀਆਂ ਗਰੰਟੀਆਂ ‘ਤੇ ਟਵੀਟ ਕਰਦਿਆਂ ਕਿਹਾ ਕੇ, “ਤੁਸੀਂ ਰੋਜ਼ਾਨਾ ਜਿਹੜੇ ਮੁਫ਼ਤ ਤੋਹਫਿਆਂ ਦਾ ਐਲਾਨ ਕਰਦੇ ਹੋ, ਉਨ੍ਹਾਂ ਲਈ ਪੈਸਾ ਕਿੱਥੋਂ ਆਏਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰ ਦਿਓ, ਜੇ ਤੁਸੀਂ ਵਾਅਦਿਆਂ ਲਈ ਬੁਨਿਆਦੀ ਆਰਥਿਕ ਸਮਰਥਨ ਪ੍ਰਦਾਨ ਨਹੀਂ ਕਰ ਸਕਦੇ। ਇਸ ਦੌਰਾਨ ਉਨ੍ਹਾਂ ‘ਪੰਜਾਬ ਮਾਡਲ’ ਬਾਰੇ ਕਿਹਾ ਕਿ ਪੰਜਾਬੀ ਆਮਦਨ ਦੇ ਹੱਕਦਾਰ ਹਨ, ਨਾ ਕਿ ਭੀਖ ਦੇ।” ਸਿੱਧੂ ਨੇ ਕਿਹਾ ਕਿ ‘ਪੰਜਾਬ ਮਾਡਲ’ ਸਾਰੇ ਪੰਜਾਬੀਆਂ ਲਈ ਆਮਦਨ ਤੇ ਮੌਕੇ ਪ੍ਰਦਾਨ ਕਰਨ ਵਾਲਾ ਮਾਡਲ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਅਰਵਿੰਦ ਕੇਜਰੀਵਾਲ ਨੇ ਆਪਣੇ ਪੰਜਾਬ ਦੌਰੇ ਦੌਰਾਨ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਨੂੰ 5 ਗਾਰੰਟੀਆਂ ਦਿੱਤੀਆਂ ਹਨ। ਇਸ ਤੋਂ ਪਹਿਲਾਂ ਵੀ ਉਹ ਪੰਜਾਬ ਵਾਸੀਆਂ ਨੂੰ ਸਸਤੀ ਬਿਜਲੀ, ਅਧਿਆਪਕਾਂ, ਵਪਾਰੀਆਂ, ਠੇਕਾ ਮੁਲਾਜ਼ਮਾਂ ਤੇ ਲੜਕੀਆਂ ਅਤੇ ਔਰਤਾਂ ਨੂੰ ਗਾਰੰਟੀਆਂ ਦੇ ਚੁੱਕੇ ਹਨ।