ਚੰਡੀਗੜ੍ਹ, (ਬਲਜੀਤ ਮਰਵਾਹਾ): ਕੋਈ ਵੇਲਾ ਸੀ ਜਦੋਂ ਪੰਜਾਬ ਤੇ ਕੁੜੀ ਮਾਰ ਦਾ ਕਲੰਕ ਲੱਗਿਆ । ਜਿਸ ਤੋਂ ਬਾਅਦ ਸਮੇਂ ਸਮੇਂ ਤੇ ਆਈਆਂ ਸਰਕਾਰਾਂ ਨੇ ਦਾਅਵੇ ਕੀਤੇ ਕਿ ਇਹ ਕਲੰਕ ਹੁਣ ਧੋਵਾਂਗੇ। ਪਰ ਅਫਸੋਸ ਹੈ ਕਿ ਅਜਿਹਾ ਨਹੀਂ ਹੋ ਪਾਇਆ ਹੈ । ਇਹ ਅਸੀਂ ਨਹੀਂ ਕਹਿ ਰਹੇ ਕਿ ਬਲਕਿ ਪੰਜਾਬ ਸਿਹਤ ਪ੍ਰਣਾਲੀ ਨਿਗਮ ਵੱਲੋ ਦਿੱਤੀ ਆਰ ਟੀ ਆਈ ਕਹਿ ਰਹੀ ਹੈ। ਸਕਰੋਲ ਪੰਜਾਬ ਵੱਲੋ ਇਸ ਬਾਰੇ ਮੰਗੀ ਗਈ ਆਰ ਟੀ ਆਈ ਵਿੱਚ ਦੱਸਿਆ ਗਿਆ ਹੈ ਕਿ ਸੂਬੇ ਦੇ ਜਿਲਾ ਅਤੇ ਸਬ ਡਵੀਜ਼ਨਾਂ ਦੇ ਹਸਪਤਾਲਾਂ ਦੀਆਂ 20 ਅਲਟਰਾਸਾਊਂਡ ਮਸ਼ੀਨਾਂ ਪੀ ਐੱਨ ਡੀ ਟੀ ਐਕਟ ਕਰਕੇ ਸੀਲ ਹਨ। ਗੋਰ ਕਾਰਨ ਲਾਇਕ ਹੈ ਕਿ ਇਹ ਐਕਟ ਉਹਨਾਂ ਤੇ ਲੱਗਦਾ ਹੈ ਜਿਹੜੇ ਲਿੰਗ ਟੈਸਟ ਵਰਗਾ ਸੰਗੀਨ ਅਪਰਾਧ ਲੱਖਾਂ ਰੁਪਏ ਲੈ ਕੇ ਕਰਦੇ ਹਨ। ਇਸ ਤਰਾਂ ਕਰਕੇ ਉਹ ਅਣਜੰਮੀਆਂ ਧੀਆਂ ਦਾ ਮਾਵਾਂ ਦੀ ਕੁੱਖ ਵਿੱਚ ਹੀ ਕਤਲ ਕਰ ਪਾਪ ਦੇ ਭਾਗੀਦਾਰ ਬਣ ਰਹੇ ਹਨ।
ਕੁੱਝ ਸਾਲ ਪਹਿਲਾਂ ਇਸ ਲਾਲਚ ਤੋਂ ਇਸੀ ਵਿਭਾਗ ਦੇ ਸਾਬਕਾ ਡਾਇਰੈਕਟਰ ਡਾਕਟਰ ਰਾਜਿੰਦਰ ਸਿੰਘ ਸੱਗੂ ਵੀ ਬੱਚ ਨਹੀਂ ਪਾਏ ਸਨ। ਉਹਨਾਂ ਤੇ ਖਰੜ ਵਿਖੇ ਇਹ ਕਾਰਵਾਈ ਕੀਤੀ ਗਈ ਸੀ । ਜਦੋਂ ਉਹਨਾਂ ਦੀ ਲੈਬ ਵਿੱਚ ਇਹ ਟੈਸਟ ਹੋ ਰਿਹਾ ਸੀ ਤੇ ਉਹ ਰੰਗੇ ਹੱਥੀਂ ਫੜੇ ਗਏ ਸਨ । ਜਦੋਂ ਇਸ ਬਾਰੇ ਡਾਇਰੈਕਟਰ ਸਿਹਤ ਪੰਜਾਬ ਡਾਕਟਰ ਰਣਜੀਤ ਸਿੰਘ ਘੋਤੜਾ ਨੂੰ ਪੁੱਛਿਆ ਗਿਆ ਤਾ ਓਹਨਾ ਕਿਹਾ ਕਿ ਇਹ ਸਹੀ ਹੈ ਕਿ ਸਾਰੀਆਂ ਮਸ਼ੀਨਾਂ ਪੀ ਐੱਨ ਡੀ ਟੀ ਐਕਟ ਕਰਕੇ ਸੀਲ ਹਨ , ਪਰ ਇਸ ਦਾ ਕਾਰਨ ਇਹ ਨਹੀਂ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਲਿੰਗ ਟੈਸਟ ਹੋ ਰਹੇ ਹਨ. ਓਹਨਾ ਹੋਰ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਹੜੀਆਂ ਮਸ਼ੀਨਾਂ ਖਰਾਬ ਹੋ ਜਾਂਦੀਆਂ ਹਨ ਜਾਂ ਜਿਹਨਾਂ ਨੂੰ ਚਲਾਉਣ ਲਈ ਅਪਰੇਟਰ , ਰਾਡਿਓਗ੍ਰਾਫਰ ਤੇ ਰਾਡਿਓਲੋਜਿਸਟ ਨਹੀਂ ਹੁੰਦੇ ਉਹ ਵੀ ਇਸੇ ਕਰਕੇ ਉਕਤ ਐਕਟ ਅਧੀਨ ਸੀਲ ਕੀਤੀਆਂ ਜਾਂਦੀਆਂ ਹਨ , ਤਾਂ ਜੋ ਲਿੰਗ ਟੈਸਟ ਦੇ ਨਾਮ ਤੇ ਓਹਨਾ ਦੀ ਦੁਰਵਰਤੋਂ ਨਾ ਕੀਤੀ ਜਾਂ ਸਕੇ। ਦੱਸਣਯੋਗ ਹੈ ਕਿ ਰਾਜ ਵਿੱਚ ਕੁੱਲ 59 ਸਰਕਾਰੀ ਅਲਟਰਾਸਾਊਂਡ ਮਸ਼ੀਨਾਂ ਹਨ , ਜਿਹਨਾਂ ਵਿਚੋਂ 20 ਸੀਲ ਹਨ ।
ਕਿੱਥੇ ਕਿੰਨੀਆਂ ਮਸ਼ੀਨਾਂ ਹਨ ਸੀਲ – ਫਿਰੋਜ਼ਪੁਰ , ਸੰਗਰੂਰ , ਮੁਕਤਸਰ , ਜਲੰਧਰ ਅਤੇ ਲੁਧਿਆਣਾ ਵਿੱਚ 2 -2 , ਸ਼ਹੀਦ ਭਗਤ ਸਿੰਘ ਨਗਰ , ਬਲਾਚੌਰ , ਮੋਗਾ , ਰੂਪਨਗਰ , ਫਾਜ਼ਿਲਕਾ,ਬਰਨਾਲਾ , ਮਾਨਸਾ , ਜਗਰਾਓਂ, ਅੰਮ੍ਰਿਤਸਰ ਤੇ ਫਤਿਹਗੜ੍ਹ ਸਾਹਿਬ ਵਿੱਚ 1 – 1 ਕੁੱਲ 20
ਕੀ ਵਾਕਈ ਹੀ ਪੰਜਾਬ ਦੀ ਇਹ ਹਾਲਤ ਹੋ ਗਈ ਹੈ , ਕੀ ਸੱਚੀ ਧੀਆਂ ਗਰਭ ਵਿੱਚ ਮਾਰੀਆ ਜਾ ਰਹੀਆਂ ਹਨ , ਜਾਂ ਸਰਕਾਰੀ ਤਰਕ ਸਹੀ ਹੈ , ਇਹ ਤੈਅ ਪੰਜਾਬ ਨੇ ਕਰਨਾ ਹੈ ।