ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਸ਼ਾਹਬਾਦ ਵਿੱਚ, ਰਤਨਗੜ੍ਹ ਪਿੰਡ ਨੇੜੇ ਦਿੱਲੀ-ਜੰਮੂ ਨੈਸ਼ਨਲ ਹਾਈਵੇ-44 ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਤੇਜ਼ ਰਫ਼ਤਾਰ ‘ਥਾਰ’ ਅੱਗੇ ਜਾ ਰਹੇ ਇੱਕ ਟਰਾਲੇ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਇਸ ਦੁਖਦਾਈ ਘਟਨਾ ਵਿੱਚ, ਥਾਰ ਸਵਾਰ 26 ਸਾਲਾ ਮਾਂ ਅਤੇ ਉਸ ਦੇ 3 ਸਾਲਾ ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਔਰਤ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ।
ਸ਼ਾਹਬਾਦ ਦੇ ਸਟੇਸ਼ਨ ਹਾਊਸ ਅਫ਼ਸਰ ਸੁਰਿੰਦਰ ਸੰਧੂ ਨੇ ਦੱਸਿਆ ਕਿ ਸ਼ਾਹਬਾਦ ਵਿੱਚ ਦੇਵੀ ਮੰਦਰ ਰੋਡ ‘ਤੇ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ 28 ਸਾਲਾ ਰੋਬਿਨ ਗੁਪਤਾ ਨੇ ਪਿਛਲੇ ਹਫ਼ਤੇ ਹੀ ਇੱਕ ਨਵੀਂ ‘ਥਾਰ’ ਗੱਡੀ ਖਰੀਦੀ ਸੀ। ਮੰਗਲਵਾਰ ਦੇਰ ਰਾਤ, ਰੋਬਿਨ ਆਪਣੀ 26 ਸਾਲਾ ਪਤਨੀ ਮਹਿਕ ਗੁਪਤਾ ਅਤੇ 3 ਸਾਲਾ ਪੁੱਤਰ ਵਿਹਾਨ ਨਾਲ ਸ਼ਾਹਬਾਦ ਸਥਿਤ ‘ਮੰਨਤ ਹਵੇਲੀ’ ਵਿਖੇ ਰਾਤ ਦਾ ਖਾਣਾ ਖਾਣ ਗਿਆ ਸੀ। ਖਾਣਾ ਖਾਣ ਤੋਂ ਬਾਅਦ ਜਦੋਂ ਉਹ ਆਪਣੀ ‘ਥਾਰ’ ਗੱਡੀ ਵਿੱਚ ਘਰ ਵਾਪਸ ਆ ਰਹੇ ਸਨ, ਤਾਂ ਸ਼ਾਹਬਾਦ ਦੇ ਰਤਨਗੜ੍ਹ ਪਿੰਡ ਨੇੜੇ ਉਨ੍ਹਾਂ ਦੀ ਤੇਜ਼ ਰਫ਼ਤਾਰ ਗੱਡੀ ਅੱਗੇ ਜਾ ਰਹੇ ਇੱਕ ਟਰਾਲੇ ਨਾਲ ਟਕਰਾ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ‘ਥਾਰ’ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਹਾਦਸੇ ਸਮੇਂ ਮਾਸੂਮ ਵਿਹਾਨ ਆਪਣੀ ਮਾਂ, ਮਹਿਕ ਦੀ ਗੋਦ ਵਿੱਚ ਬੈਠਾ ਸੀ ਤੇ ਹਾਦਸੇ ਵਿਚ ਮਾਂ ਤੇ ਪੁੱਤ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ, ਮੌਕੇ ‘ਤੇ ਪਹੁੰਚੇ ਰਾਹਗੀਰਾਂ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਜ਼ਖ਼ਮੀਆਂ ਨੂੰ ਆਦੇਸ਼ ਮੈਡੀਕਲ ਹਸਪਤਾਲ ਪਹੁੰਚਾਇਆ। ਉੱਥੇ ਪਹੁੰਚਣ ‘ਤੇ ਡਾਕਟਰਾਂ ਨੇ ਮਹਿਕ ਗੁਪਤਾ ਅਤੇ ਉਸ ਦੇ ਪੁੱਤਰ ਵਿਹਾਨ ਨੂੰ ਮ੍ਰਿਤਕ ਐਲਾਨ ਦਿੱਤਾ।
ਕਾਰ ਚਲਾ ਰਹੇ ਰੌਬਿਨ ਗੁਪਤਾ ਗੰਭੀਰ ਜ਼ਖ਼ਮੀ ਹੋ ਗਏ; ਹਾਲਾਂਕਿ, ਗੱਡੀ ਦੇ ਏਅਰਬੈਗ ਸਮੇਂ ਸਿਰ ਖੁੱਲ੍ਹ ਜਾਣ ਕਾਰਨ ਉਨ੍ਹਾਂ ਦੀ ਜਾਨ ਬਚ ਗਈ। ਫਿਲਹਾਲ ਰੌਬਿਨ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ। ਰੋਬਿਨ ਗੁਪਤਾ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਹੈ ਅਤੇ ਮ੍ਰਿਤਕ ਵਿਹਾਨ ਵੀ ਉਨ੍ਹਾਂ ਦਾ ਇਕਲੌਤਾ ਪੋਤਾ ਸੀ। ਘਟਨਾ ਦੇ ਸਮੇਂ, ਰੋਬਿਨ ਦੇ ਮਾਤਾ-ਪਿਤਾ ‘ਭਾਈ ਦੂਜ’ ਦੇ ਤਿਉਹਾਰ ਲਈ ਦੇਹਰਾਦੂਨ ਗਏ ਹੋਏ ਸਨ। ਇਸ ਦੁਖਦਾਈ ਘਟਨਾ ਦੀ ਖ਼ਬਰ ਮਿਲਦਿਆਂ ਹੀ, ਸਾਰਾ ਪਰਿਵਾਰ ਉਸੇ ਰਾਤ ਸ਼ਾਹਬਾਦ ਵਾਪਸ ਆ ਗਿਆ। ਅੱਜ, ਮਾਂ ਅਤੇ ਪੁੱਤਰ ਦੋਵਾਂ ਦਾ ਅੰਤਿਮ ਸਸਕਾਰ ਇਕੱਠੇ ਕੀਤਾ ਗਿਆ।












