ਨਵੀਂ ਦਿੱਲੀ, 10 ਦਸੰਬਰ 2021 – ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ ਅਤੇ ਇਸ ਦੇ ਨਾਲ ਹੀ ਕਿਸਾਨਾਂ ਨੇ ਵੀ ਅੰਦੋਲਨ ਮੁਲਤਵੀ ਕਰਕੇ ਘਰ ਵਾਪਸੀ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਕਿਸਾਨਾਂ ਨੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੋਂ ਟੈਂਟ ਪੁੱਟਣੇ ਸ਼ੁਰੂ ਕਰ ਦਿੱਤੇ ਹਨ ਅਤੇ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦੀ ਜਿੱਤ ਮਗਰੋਂ ਦਿੱਲੀ ਦੀਆਂ ਹੱਦਾਂ ਤੋਂ ਕਿਸਾਨ ਹੁਣ 11 ਦਸੰਬਰ ਨੂੰ ਵਾਪਸ ਘਰਾਂ ਵੱਲ ਨੂੰ ਕੂਚ ਕਰਨਗੇ।
ਜਿਸ ਤੋਂ ਬਾਅਦ ਹੁਣ ਪੰਜਾਬ ਅਤੇ ਹਰਿਆਣਾ ‘ਚ ਅੰਦੋਲਨ ਕਾਰਨ ਪਿਛਲੇ ਇੱਕ ਸਾਲ ਤੋਂ ਬੰਦ ਪਾਏ ਟੋਲ ਪਲਾਜ਼ਾ ਵੀ ਖੁੱਲ੍ਹਣਗੇ। ਜਿਸ ਨੂੰ ਲੈ ਹੁਣ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਕਿਸਾਨ ਅੰਦੋਲਨ ਖ਼ਤਮ ਹੋਣ ਦੇ ਨਾਲ ਹੀ ਕੰਪਨੀਆਂ ਨੇ ਟੋਲ ਪਲਾਜ਼ਿਆਂ ‘ਤੇ ਟੈਕਸ ਵਸੂਲਣ ਦੀ ਤਿਆਰੀ ਕਰ ਲਈ ਹੈ। ਫਿਲਹਾਲ ਜਾਣਕਾਰੀ ਸਾਹਮਣੇ ਆ ਰਹੀ ਕੇ ਪੁਰਾਣੇ ਰੇਟਾਂ ‘ਤੇ ਹੀ ਟੋਲ ਵਸੂਲਿਆ ਜਾਵੇਗਾ, ਪਰ ਸੰਭਾਵਨਾ ਮੰਨੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਜਲਦ ਹੀ ਟੋਲ ਪਲਾਜ਼ਿਆਂ ਦੇ ਰੇਟ ਵਧਾ ਸਕਦੀ ਹੈ।
ਕਿਸਾਨਾਂ ਵੱਲੋਂ ਅੰਦੋਲਨ ਮੁਲਤਵੀ ਕਰਨ ਦੇ ਫੈਸਲੇ ਤੋਂ ਬਾਅਦ ਟੋਲ ਪਲਾਜ਼ਿਆਂ ਨੂੰ ਮੁੜ ਚਾਲੂ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 11 ਤਰੀਕ ਤੋਂ ਟੋਲ ਵਸੂਲਣਾ ਸ਼ੁਰੂ ਹੋ ਜਾਵੇਗਾ।