ਪੰਜਾਬ ਪੁਲਿਸ ਨੇ ਸਪੈਸ਼ਲ ਟਾਸਕ ਫੋਰਸ (STF) ਵਿੱਚ ਵੱਡਾ ਫੇਰਬਦਲ ਕੀਤਾ ਹੈ। ਇੱਕ ਆਈਪੀਐਸ ਅਤੇ ਤਿੰਨ ਪੀਪੀਐਸ ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਇਹ ਅਧਿਕਾਰੀ ਆਪਣੇ ਅਹੁਦਿਆਂ ਦੇ ਨਾਲ ਐਸਟੀਐਫ ਦਾ ਚਾਰਜ ਵੀ ਸੰਭਾਲਣਗੇ। ਇਨ੍ਹਾਂ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਚਾਰਜ ਸੰਭਾਲਣ ਲਈ ਕਿਹਾ ਗਿਆ ਹੈ। ਡੀਜੀਪੀ ਪੰਜਾਬ ਵੱਲੋਂ ਜਾਰੀ ਹੁਕਮਾਂ ਅਨੁਸਾਰ ਆਈਪੀਐਸ ਪ੍ਰਦੀਪ ਕੁਮਾਰ ਯਾਦਵ ਜੋ ਹੁਣ ਤੱਕ ਆਈਜੀ ਟੈਕਨੀਕਲ ਸਪੋਰਟ ਸਰਵਿਸ ਪੰਜਾਬ ਦਾ ਚਾਰਜ ਸੰਭਾਲ ਰਹੇ ਸਨ, ਹੁਣ ਐਸਟੀਐਫ ਫਿਰੋਜ਼ਪੁਰ ਅਤੇ ਬਠਿੰਡਾ ਰੇਂਜ ਦੀ ਸਮੁੱਚੀ ਨਿਗਰਾਨੀ ਵੀ ਕਰਨਗੇ। ਇਨ੍ਹਾਂ ਦੇ ਨਾਲ ਹੀ ਉਹ ਪਹਿਲਾਂ ਹੀ ਆਈਜੀ ਫਰੀਦਕੋਟ ਰੇਂਜ ਦਾ ਚਾਰਜ ਸੰਭਾਲ ਰਹੇ ਹਨ।
ਇਸ ਦੇ ਨਾਲ ਹੀ ਪੀ.ਆਰ.ਟੀ.ਸੀ ਜਹਾਨ ਕਲਾਂ ਦੇ ਕਮਾਂਡੈਂਟ ਪੀ.ਪੀ.ਐਸ ਹਰਪ੍ਰੀਤ ਸਿੰਘ ਨੂੰ ਹੁਣ ਐਸ.ਟੀ.ਐਫ ਜਲੰਧਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਐਸਟੀਐਫ ਲੁਧਿਆਣਾ ਰੇਂਜ ਦੇ ਏਆਈਜੀ ਸਨੇਹਦੀਪ ਸ਼ਰਮਾ ਨੂੰ ਹੁਣ ਐਸਟੀਐਫ ਬਾਰਡਰ ਰੇਂਜ ਅੰਮ੍ਰਿਤਸਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਜਦਕਿ ਏਆਈਜੀ ਐਸਟੀਐਫ ਰੇਂਜ ਪਟਿਆਲਾ ਦਾ ਚਾਰਜ ਦੇਖ ਰਹੇ ਗੁਰਪ੍ਰੀਤ ਸਿੰਘ ਨੂੰ ਐਸਟੀਐਫ ਰੇਂਜ ਫ਼ਿਰੋਜ਼ਪੁਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।













