ਨਿਊਯਾਰਕ: ਨਿਊਯਾਰਕ ’ਚ ਜੌਹਨ ਐਫ ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਇੱਕ ਅਣਪਛਾਤੇ ਵਿਅਕਤੀ ਨੇ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕਰਦਿਆਂ ਉਸਦੀ ਦਸਤਾਰ ਉਤਾਰ ਦਿੱਤੀ ਅਤੇ ਉਸ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਵੀ ਕੀਤੀਆਂ।
ਇਸ ਮਾਮਲੇ ਨੂੰ ਲੈ ਕੇ ਅਮਰੀਕੀ ਵਿਦੇਸ਼ ਵਿਭਾਗ ਨੇ ਬਿਆਨ ਜਾਰੀ ਕੀਤਾ ਹੈ। ਮੰਤਰਾਲੇ ਵਲੋਂ ਟਵੀਟ ਕੀਤਾ ਗਿਆ ਹੈ ਕਿ ਉਹ “ਸਿੱਖ ਕੈਬ ਡਰਾਈਵਰ ‘ਤੇ ਹੋਏ ਹਮਲੇ ਤੋਂ ਪਰੇਸ਼ਾਨ ਹਨ। ਸਾਡੀ ਵਿਭਿੰਨਤਾ ਅਮਰੀਕਾ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਅਸੀਂ ਕਿਸੇ ਵੀ ਕਿਸਮ ਦੀ ਨਫ਼ਰਤੀ ਹਿੰਸਾ ਦੀ ਨਿੰਦਾ ਕਰਦੇ ਹਾਂ।”
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਗਈ ਇਕ ਵੀਡੀਓ ਵਿਚ ਇਹ ਘਟਨਾ ਸਾਹਮਣੇ ਆਈ ਸੀ। ਟਵਿੱਟਰ ਯੂਜ਼ਰ ਨਵਜੋਤ ਪਾਲ ਕੌਰ ਨੇ 4 ਜਨਵਰੀ ਨੂੰ 26 ਸਕਿੰਟਾਂ ਦੀ ਇਕ ਵੀਡੀਓ ਅਪਲੋਡ ਕੀਤੀ ਸੀ, ਜਿਸ ਵਿਚ ਇਕ ਵਿਅਕਤੀ ਹਵਾਈ ਅੱਡੇ ਦੇ ਬਾਹਰ ਇਕ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ। ਕੌਰ ਨੇ ਦੱਸਿਆ ਕਿ ਹਵਾਈ ਅੱਡੇ ’ਤੇ ਖੜ੍ਹੇ ਇਕ ਹੋਰ ਵਿਅਕਤੀ ਨੇ ਇਹ ਵੀਡੀਓ ਰਿਕਾਰਡ ਕੀਤੀ ਸੀ। ਇਹ ਵੀਡੀਓ ਕਦੋਂ ਦੀ ਹੈ, ਇਸ ਦੀ ਜਾਣਕਾਰੀ ਨਹੀਂ ਹੈ।












