- ਕਿਹਾ, ਤੇਲ ਬੀਜਾਂ ਅਤੇ ਦਾਲਾਂ ਉੱਤੇ ਐੱਮ ਐੱਸ ਪੀ ਦਿੱਤੀ ਜਾਵੇਗੀ
- ਸੂਬੇ ਸਿਰ ਕਰਜ਼ੇ ਲਈ ਹੁਣ ਤੱਕ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ
ਮਲੇਰਕੋਟਲਾ, 19 ਦਸੰਬਰ 2021 – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਵਿੱਚ ਉਹਨਾਂ ਦੀ ਪਾਰਟੀ ਦੀ ਦੁਬਾਰਾ ਸਰਕਾਰ ਬਣਨ ਉੱਤੇ ਸ਼ਹਿਰੀ ਮਜ਼ਦੂਰ ਵਰਗ ਨੂੰ ਆਰਥਿਕ ਅਤੇ ਸਮਾਜਿਕ ਤੌਰ ਉੱਤੇ ਉੱਪਰ ਚੁੱਕਣ ਲਈ ਸ਼ਹਿਰੀ ਮਜ਼ਦੂਰ ਮਿਸ਼ਨ ਲਿਆਂਦਾ ਜਾਵੇਗਾ। ਉਹ ਅੱਜ ਸਥਾਨਕ ਦਾਣਾ ਮੰਡੀ ਵਿਖੇ ਪਾਰਟੀ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀਮਤੀ ਰਜ਼ੀਆ ਸੁਲਤਾਨਾ, ਪੰਜਾਬ ਪੁਲਿਸ ਦੇ ਸੇਵਾਮੁਕਤ ਡੀ ਜੀ ਪੀ ਮੁਹੰਮਦ ਮੁਸਤਫ਼ਾ, ਹੋਰ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਵੱਡੀ ਗਿਣਤੀ ਵਿੱਚ ਆਮ ਲੋਕ ਵੀ ਹਾਜ਼ਰ ਸਨ।
ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਸ਼ਹਿਰੀ ਮਜ਼ਦੂਰ ਵਰਗ ਦੀ ਹਾਲਤ ਬਹੁਤ ਹੀ ਤ੍ਰਾਸਦੀ ਵਾਲੀ ਹੈ। ਪੂਰਾ ਦਿਨ ਮਿਹਨਤ ਕਰਨ ਉਪਰੰਤ ਉਸਨੂੰ ਮਸਾਂ 150 ਰੁਪਏ ਦਿਹਾੜੀ ਮਿਲਦੀ ਹੈ ਜੌ ਕਿ ਬਹੁਤ ਹੀ ਘੱਟ ਹੈ ਅਤੇ ਇਸ ਨਾਲ ਆਪਣਾ ਅਤੇ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਉਹਨਾਂ ਕਿਹਾ ਕਿ ਸ਼ਹਿਰੀ ਮਜ਼ਦੂਰ ਮਿਸ਼ਨ ਆਉਣ ਨਾਲ ਇਹਨਾਂ ਮਜ਼ਦੂਰਾਂ ਨੂੰ ਘੱਟੋ ਘੱਟ 350 ਰੁਪਏ ਦਿਹਾੜੀ ਮਿਲੇਗੀ। ਉਹਨਾਂ ਕਿਹਾ ਕਿ ਹਰੇਕ ਮਜ਼ਦੂਰ ਦੀ ਰਜਿਸਟਰੇਸ਼ਨ ਹੋਵੇਗੀ ਤਾਂ ਜੌ ਉਹ ਛੁੱਟੀ ਵਾਲੇ ਦਿਨ ਵੀ ਪੇਟ ਭਰ ਕੇ ਰੋਟੀ ਖਾ ਸਕੇ।
ਉਹਨਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਸਹੀ ਮੁੱਲ ਮਿਲੇ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਆਉਣ ਉੱਤੇ ਤੇਲ ਬੀਜਾਂ ਅਤੇ ਦਾਲਾਂ ਉੱਤੇ ਵੀ ਐੱਮ ਐੱਸ ਪੀ ਦਿੱਤੀ ਜਾਵੇਗੀ। ਤੇਲ ਬੀਜਾਂ ਦੀ ਪ੍ਰੋਸੈਸਿੰਗ ਪੰਜਾਬ ਸਰਕਾਰ ਖੁਦ ਕਰੇਗੀ ਤਾਂ ਜੌ ਕਿਸਾਨਾਂ ਨੂੰ ਆਪਣੀਆਂ ਫਸਲਾਂ ਲੈਕੇ ਥਾਂ ਥਾਂ ਨਾ ਭਟਕਣਾ ਪਵੇ। ਫਸਲਾਂ ਦੀ ਉਤਪਾਦਨ ਲਾਗਤ ਅਤੇ ਬਾਜ਼ਾਰੀ ਮੁੱਲ ਵਿਚਲਾ ਫਰਕ ਪੰਜਾਬ ਸਰਕਾਰ ਆਪਣੇ ਸਿਰ ਲਵੇਗੀ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਨੀਤੀ ਲਿਆਂਦੀ ਜਾਵੇਗੀ ਕਿ ਕਿਸਾਨ ਆਪਣੀ ਫ਼ਸਲ ਜਦ ਚਾਹੇ ਵੇਚ ਸਕੇ। ਕਿਸਾਨਾਂ ਦੀ ਫਸਲ ਨੂੰ ਪੰਜਾਬ ਰਾਜ ਗੁਦਾਮ ਨਿਗਮ ਵੱਲੋਂ ਸੰਭਾਲਿਆ ਜਾਇਆ ਕਰੇਗਾ।
ਉਹਨਾਂ ਕਿਹਾ ਕਿ ਦੁਬਾਰਾ ਸਰਕਾਰ ਬਣਨ ਉੱਤੇ ਮਾਲੇਰਕੋਟਲਾ ਵਿੱਚ ਬਣਨ ਵਾਲਾ ਮੈਡੀਕਲ ਕਾਲਜ ਅਗਲੇ ਛੇ ਮਹੀਨੇ ਵਿੱਚ ਚਾਲੂ ਕਰ ਦਿੱਤਾ ਜਾਵੇਗਾ। ਉਹਨਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਕੀਤੇ ਵਾਅਦੇ ਵਫਾ ਨਾ ਹੋਣ ਦਾ ਉਲਾਮਾ ਵੀ ਆਪਣੇ ਸਿਰ ਲਿਆ। ਉਹਨਾਂ ਕਿਹਾ ਕਿ ਪੰਜਾਬ ਸਿਰ ਕਰਜ਼ਾ ਇਕੱਲੇ ਸਰਕਾਰ ਸਿਰ ਨਹੀਂ ਬਲਕਿ ਹਰੇਕ ਪੰਜਾਬੀ ਦੇ ਸਿਰ ਉੱਤੇ ਹੈ। ਇਸ ਕਰਜ਼ੇ ਲਈ ਹੁਣ ਤੱਕ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ।
ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਕਿਸੇ ਵੀ ਧਰਮ ਦੀ ਬੇਹੁਰਮਤੀ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਪੰਜਾਬ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਜਾਤ ਪਾਤ ਅਤੇ ਧਰਮ ਤੋਂ ਉਪਰ ਉੱਠ ਕੇ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਵੋਟਾਂ ਪਾਉਣ। ਇਸ ਮੌਕੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਵੀ ਸ਼ਬਦੀ ਬਾਣ ਚਲਾਏ।












