ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੌਰਾਨ, ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਵਿਖੇ ਸਥਿਤ ਗੁਰੂ ਹਰਗੋਬਿੰਦ ਥਰਮਲ ਪਲਾਂਟ (GHTP) ਦੀਆਂ ਚਾਰ ਵਿੱਚੋਂ ਤਿੰਨ ਯੂਨਿਟਾਂ ਚਾਲੂ ਹੋ ਗਈਆਂ ਹਨ, ਜਿਸ ਨਾਲ ਪਲਾਂਟ ਦੀ ਬਿਜਲੀ ਉਤਪਾਦਨ ਸਮਰੱਥਾ ਵਧ ਕੇ ਲਗਪਗ 620 ਮੈਗਾਵਾਟ ਹੋ ਗਈ ਹੈ।
ਗ਼ੌਰਤਲਬ ਹੈ ਕਿ ਕਿਸਾਨ ਪਿਛਲੇ ਲਗਪਗ ਇੱਕ ਹਫ਼ਤੇ ਤੋਂ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਟਿਊਬਵੈੱਲ ਚਲਾਉਣ ਲਈ ਸਿਰਫ਼ ਤਿੰਨ ਤੋਂ ਚਾਰ ਘੰਟੇ ਬਿਜਲੀ ਮਿਲ ਰਹੀ ਹੈ, ਜਿਸ ਨਾਲ ਝੋਨੇ ਦੀਆਂ ਫ਼ਸਲਾਂ ਦੀ ਸਿੰਜਾਈ ਦੀਆਂ ਲੋੜਾਂ ਨੂੰ ਪੂਰਾ ਕਰਨਾ ਮੁਸ਼ਕਲ ਹੋ ਰਿਹਾ ਹੈ। 920 ਮੈਗਾਵਾਟ ਵਾਲੀ ਸਮਰੱਥਾ ਦੇ ਇਸ ਥਰਮਲ ਪਲਾਂਟ ਦਾ ਕੰਮ ਪਹਿਲਾਂ ਸਿਰਫ਼ ਇੱਕ ਚਾਲੂ ਯੂਨਿਟ ਨਾਲ ਚੱਲ ਰਿਹਾ ਸੀ, ਜਦੋਂ ਕਿ ਬਾਕੀ ਤਿੰਨ ਯੂਨਿਟ ਲਗਪਗ ਤਿੰਨ ਹਫ਼ਤਿਆਂ ਤੋਂ ਬੰਦ ਪਏ ਸਨ। ਸ਼ੁੱਕਰਵਾਰ ਨੂੰ ਤੀਜੀ ਯੂਨਿਟ ਨੂੰ ਚਾਲੂ ਕਰ ਦਿੱਤਾ ਗਿਆ, ਜਿਸ ਨਾਲ ਪਲਾਂਟ ਦੀ ਉਤਪਾਦਨ ਸਮਰੱਥਾ ਵਿੱਚ ਕਾਫ਼ੀ ਸੁਧਾਰ ਹੋਇਆ ਹੈ।
ਪਲਾਂਟ ਵਿੱਚ ਆਊਟਸੋਰਸਡ (ਠੇਕੇ ’ਤੇ ਰੱਖੇ) ਕਾਮਿਆਂ ਦੀ ਹੜਤਾਲ ਨੂੰ ਪਲਾਂਟ ਦੇ ਕੰਮਕਾਜ ਵਿੱਚ ਵਿਘਨ ਪੈਣ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਸੀ। ਇਹ ਕਾਮੇ ਠੇਕੇਦਾਰਾਂ ਰਾਹੀਂ ਰੱਖੇ ਜਾਣ ਦੀ ਬਜਾਏ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨਾਲ ਸਿੱਧਾ ਰੁਜ਼ਗਾਰ ਦੇਣ ਦੀ ਮੰਗ ਕਰ ਰਹੇ ਹਨ।
ਹੁਣ ਤਿੰਨ ਯੂਨਿਟਾਂ ਦੇ ਚਾਲੂ ਹੋਣ ਨਾਲ ਬਿਜਲੀ ਸਪਲਾਈ ਦੀ ਸਥਿਤੀ ਵਿੱਚ ਕੁਝ ਰਾਹਤ ਮਿਲਣ ਦੀ ਉਮੀਦ ਹੈ।
ਥਰਮਲ ਪਲਾਂਟ ਦੇ ਸੂਤਰਾਂ ਨੇ ਦੱਸਿਆ ਕਿ ਹੁਣ ਧਿਆਨ ਚੌਥੀ ਯੂਨਿਟ ਨੂੰ ਬਹਾਲ ਕਰਨ ’ਤੇ ਹੈ ਤਾਂ ਜੋ ਪਲਾਂਟ ਆਪਣੀ ਪੂਰੀ ਸਮਰੱਥਾ ਦੇ ਨੇੜੇ ਪਹੁੰਚ ਸਕੇ ਅਤੇ ਬਿਜਲੀ ਸਪਲਾਈ ਪ੍ਰਣਾਲੀ ’ਤੇ ਪੈ ਰਹੇ ਦਬਾਅ ਨੂੰ ਹੋਰ ਘੱਟ ਕੀਤਾ ਜਾ ਸਕੇ।












